ਗੁਰਦੀਪ ਭੱਲੜੀ, ਨੰਗਲ : ਬੀਤੇ ਦਿਨ ਨੰਗਲ 'ਚ ਸਤਲੁਜ ਦਰਿਆ 'ਚ ਅੱਜ ਨਾਰੀਅਲ ਜਲ ਪ੍ਰਵਾਹ ਕਰਨ ਸਮੇਂ ਪੈਰ ਫਿਸਲਣ ਕਾਰਨ ਸਤਲੁਜ ਦਰਿਆ 'ਚ ਡੁੱਬੇ 20 ਸਾਲਾ ਨੌਜਵਾਨ ਕਰਨ ਕੁਮਾਰ ਪੁਤਰ ਸ਼ਿਵਰਤਨ ਦੀ ਭਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਅੱਜ ਬੀਬੀਐੱਮਬੀ ਅਤੇ ਗੋਤਾਖੋਰਾਂ ਦੀ ਟੀਮ ਵਲੋਂ ਸਤਲੁਜ ਦਰਿਆਂ 'ਚ ਲਾਪਤਾ ਨੌਜਵਾਨ ਦੀ ਭਾਲ ਲਈ ਸਖਤ ਮਿਹਨਤ ਕੀਤੀ ਗਈ। ਇਸ ਘਟਨਾ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨਵਾਂ ਨੰਗਲ ਚੌਕੀ ਇੰਚਾਰਜ ਏਐੱਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਨਵਾਂ ਨੰਗਲ ਦੇ ਸੈਕਟਰ ਦੋ ਹਾਊਸ ਨੰਬਰ 3/4 ਬੀ 1 ਸੈਕਟਰ ਦੋ ਨਵਾਂ ਨੰਗਲ ਦੇ ਵਸਨੀਕ ਕਰਨ ਕੁਮਾਰ ਪੁੱਤਰ ਸ਼ਿਵਰਤਨ ਬੁੱਧਵਾਰ ਨੂੰ ਕਰੀਬ ਸਵਾ 4 ਵਜੇ ਬਾਬਾ ਧੂਣਾ ਮੰਦਿਰ ਲਾਗੇ ਸਤਲੁਜ ਦਰਿਆ ਵਿਚ ਨਾਰੀਅਲ ਜਲ ਪ੍ਰਵਾਹ ਕਰਨ ਗਿਆ ਸੀ, ਕਿ ਅਚਾਨਕ ਪੈਰ ਫਿਸਲਣ ਕਾਰਨ ਉਹ ਦਰਿਆ ਦੇ ਤੇਜ਼ ਵਹਾਅ ਵਾਲੇ ਪਾਣੀ ਵਿਚ ਰੁੜ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸਤਲੁਜ ਦਰਿਆ ਵਿਚ ਰੁੜੇ ਨੌਜਵਾਨ ਦੀ ਭਾਲ ਲਈ ਗੋਤਾਖੋਰਾਂ ਦੀ ਟੀਮ ਵਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਤਲੁਜ ਦਰਿਆਂ ਚ ਰੁੜਿਆ ਨੌਜਵਾਨ ਆਈਟੀਆਈ ਨੰਗਲ ਵਿਖੇ ਇਲੈਕਟਰੀਸ਼ਨ ਟਰੇਡ ਦਾ ਸਿੱਖਿਆਰਥੀ ਸੀ ਅਤੇ ਮੂਲ ਰੂਪ 'ਚ ਉੱਤਰਪ੍ਰਦੇਸ਼ ਦਾ ਰਹਿਣ ਵਾਲਾ ਸੀ। ਇਸ ਨੌਜਵਾਨ ਦਾ ਪਿਤਾ ਨੰਗਲ ਦੇ ਐੱਨਐੱਫਐੱਲ ਖਾਦ ਫੈਕਟਰੀ ਵਿਖੇ ਕੰਮ ਕਰ ਰਿਹਾ ਹੈ।