ਪਿੰਡ ਰਾਏਪੁਰ ਸਾਹਨੀ ਦਾ ਹੋਰਨਾਂ ਪਿੰਡਾਂ ਨਾਲੋਂ ਸੰਪਰਕ ਟੁੱਟਾ

ਵਿਨੋਦ ਸ਼ਰਮਾ, ਕੀਰਤਪੁਰ ਸਾਹਿਬ : ਤੇਜ਼ ਮੀਂਹ ਪੈਣ ਕਾਰਨ ਪਿੰਡ ਰਾਏਪੁਰ ਸਾਹਨੀ ਦੀ ਖੱਡ ਵਿਚ ਆਏ ਬਰਸਾਤੀ ਪਾਣੀ ਨਾਲ ਖੱਡ 'ਤੇ ਬਣੀਆਂ ਪੁਲੀਆਂ ਦੀਆਂ ਸਾਈਡਾਂ ਦੀ ਸੜਕ ਰੁੜ੍ਹਨ ਨਾਲ ਪਿੰਡ ਰਾਏਪੁਰ ਸਾਹਨੀ ਦਾ ਹੋਰ ਪਿੰਡਾਂ ਨਾਲ ਤੋਂ ਸੰਪਰਕ ਟੁੱਟ ਗਿਆ ਹੈ। ਸੜਕ ਵਿਚ ਪਏ ਪਾੜ ਅਤੇ ਪੁਲੀਆਂ ਦੀਆਂ ਸਾਈਡਾਂ ਨੂੰ ਠੀਕ ਕਰਨ ਲਈ ਪਿੰਡ ਦੇ ਮੋਹਤਬਰਾਂ ਵੱਲੋਂ ਦੋ ਜੇਸੀਬੀ ਮਸ਼ੀਨਾਂ ਅਤੇ ਕਈ ਟਰੈਕਟਰ ਟਰਾਲੀਆਂ ਲਗਾ ਕੇ ਮਿੱਟੀ ਦਾ ਭਰਤ ਪਾ ਕੇ ਰਸਤਾ ਚਾਲੂ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਤਹਿਸੀਲਦਾਰ ਰਾਮ ਕਿਸ਼ਨ ਨੇ ਵੀ ਆ ਕੇ ਮੌਕਾ ਦੇਖਿਆ।

ਇਸ ਮੌਕੇ ਇਕੱਠੇ ਹੋਏ ਪਿੰਡ ਦੇ ਮੋਹਤਬਰ ਸਮਾਜ ਸੇਵੀ ਫੁੰਮਣ ਸਾਹ, ਸਰਪੰਚ ਰਜਿੰਦਰ ਕੌਰ, ਗੁਰਦੀਪ ਸਿੰਘ ਨੰਬਰਦਾਰ, ਗੁਰਨਾਮ ਸਿੰਘ ਨੰਬਰਦਾਰ, ਰਾਧੇ ਸਿਆਮ ਪੰਚ, ਡਾ. ਸੋਹਣ ਸਿੰਘ ਪੰਚ, ਬਿੱਲੂ ਰਾਮ ਸਾਬਕਾ ਸਰਪੰਚ, ਦਲੇਰ ਸਿੰਘ ਰਾਣਾ, ਗੁਰਦੇਵ ਸਿੰਘ ਲੋਂਗੂ, ਹਾਕਮ ਸਾਹ, ਸਲੀਮ ਸਾਹ ਨੇ ਦੱਸਿਆ ਕਿ ਪਿੰਡ ਰਾਏਪੁਰ ਸਾਹਨੀ ਨੂੰ ਜਾਂਦੀ ਸੜਕ ਦੇ ਵਿਚਕਾਰ ਖੱਡ ਪੈ ਜਾਂਦੀ ਹੈ, ਜਿਸ 'ਤੇ 1993 ਤੋਂ ਪੁਰਾਣੀਆਂ ਪੁਲੀਆਂ ਬਣੀਆਂ ਹੋਈਆਂ ਹਨ ਜੋ ਕਿ ਕਾਫੀ ਛੋਟੀਆਂ ਤੇ ਬਹੁਤ ਨੀਵੀਂਆਂ ਹਨ। ਇਸ ਖੱਡ ਵਿਚ ਹਿਮਾਚਲ ਪ੍ਰਦੇਸ਼ ਤੋਂ ਬਰਸਾਤੀ ਪਾਣੀ ਭਾਰੀ ਤਦਾਦ ਵਿਚ ਆਉਂਦਾ ਹੈ। ਜੋ ਪੁਲੀਆਂ ਦੇ ਹੇਠਾਂ ਤੋਂ ਲੰਘਦਾ ਹੈ। ਬੀਤੀ ਰਾਤ ਭਾਰੀ ਮੀਂਹ ਪੈਣ ਕਾਰਨ ਖੱਡ ਵਿਚ ਹਿਮਾਚਲ ਪ੍ਰਦੇਸ ਦੀ ਸਾਈਡ ਤੋਂ ਭਾਰੀ ਤਦਾਦ ਵਿਚ ਪਾਣੀ ਆਇਆ, ਜਿਸ ਵਿਚ ਕਈ ਬੂਟੇ ਵੀ ਹੜ੍ਹ ਕੇ ਆਏ ਜੋ ਪੁਲੀਆਂ ਨਾਲ ਲੱਗ ਗਏ, ਜਿਸ ਕਾਰਨ ਇਹ ਪਾਣੀ ਆਲੇ ਦੁਆਲੇ ਫੈਲ ਗਿਆ ਅਤੇ ਪੁਲੀਆਂ ਦੇ ਦੋਨੋਂ ਸਾਈਡ ਤੋਂ ਸੜਕ ਨੂੰ ਰੋੜ੍ਹ ਦਿੱਤਾ। ਜਿਸ ਕਾਰਨ ਪਿੰਡ ਦੇ ਲੋਕਾਂ ਦਾ ਬਾਹਰਲੇ ਪਿੰਡਾਂ ਨਾਲੋਂ ਸੰਪਰਕ ਟੁੱਟ ਗਿਆ ਤੇ ਉਹ ਘਰਾਂ ਵਿਚ ਬੈਠਣ ਲਈ ਮਜਬੂਰ ਹੋ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਭਾਰੀ ਮੀਂਹ ਪੈਣ ਕਾਰਨ ਹਰ ਸਾਲ ਆਉਂਦੇ ਬਰਸਾਤੀ ਪਾਣੀ ਨਾਲ ਪੁਲੀਆਂ ਦੀਆਂ ਸਾਈਡਾਂ ਤੋਂ ਸੜਕ ਹੜ੍ਹ ਜਾਂਦੀ ਹੈ। ਦੱਸਿਆ ਉਹ ਹਰ ਸਾਲ ਬਰਸਾਤ ਤੋਂ ਪਹਿਲਾ ਇਸ ਖੱਡ ਤੇ ਪੁਲੀਆਂ ਦੀ ਸਾਫ ਸਫਾਈ ਵੀ ਆਪਣੇ ਪੱਧਰ 'ਤੇ ਕਰਵਾਉਂਦੇ ਹਨ। ਦੱਸਿਆ ਕਿ ਇਨ੍ਹਾਂ ਪੁਲੀਆਂ ਦਾ ਅਕਾਰ ਕਾਫੀ ਛੋਟਾ ਤੇ ਨੀਵਾਂ ਹੈ। ਜਿਸ ਕਾਰਨ ਇਹ ਖੱਡ ਵਿਚ ਆਉਂਦੇ ਪਾਣੀ ਨੂੰ ਸੰਭਾਲ ਨਹੀਂ ਸਕਦੀਆਂ ਤੇ ਉਹ ਆਲੇ ਦੁਆਲੇ ਮਾਰ ਕਰਦਾ ਹੈ। ਹੁਣ ਵੀ ਸਾਡੇ ਵੱਲੋਂ ਪਿੰਡ ਪੱਧਰ ਤੇ ਢਾਲ ਇਕੱਠੀ ਕਰ ਕੇ ਇਸ ਨੂੰ ਆਰਜ਼ੀ ਤੌਰ 'ਤੇ ਚੱਲਣ ਯੋਗ ਬਣਾਇਆ ਜਾ ਰਿਹਾ ਹੈ।

ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਤੋਂ ਮੰਗ ਕੀਤੀ ਹੈ ਕਿ ਪਿੰਡ ਰਾਏਪੁਰ ਸਾਹਨੀ ਨੂੰ ਜਾਣ ਵਾਲੀ ਲਿੰਕ ਸੜਕ ਵਿਚਕਾਰ ਖੱਡ 'ਤੇ ਬਣੀਆਂ ਪੁਲੀਆਂ ਨੂੰ ਵੱਡਾ ਅਤੇ ਉੱਚਾ ਕਰ ਕੇ ਬਣਾਉਣ ਲਈ ਜਲਦ ਤੋਂ ਜਲਦ ਗ੍ਾਂਟ ਜਾਰੀ ਕੀਤੀ ਜਾਵੇ ਤਾਂ ਜੋ ਖੱਡ ਵਿਚ ਆਉਂਦਾ ਬਰਸਾਤੀ ਪਾਣੀ ਪੁਲੀਆਂ ਦੇ ਹੇਠਾਂ ਤੋਂ ਅਸਾਨੀ ਨਾਲ ਲੰਘ ਸਕੇ ਤੇ ਆਲੇ ਦੁਆਲੇ ਮਾਰ ਨਾ ਕਰੇ।