ਸਟਾਫ ਰਿਪੋਰਟਰ, ਰੂਪਨਗਰ : ਕਰਮਚਾਰੀ ਦਲ ਪੰਜਾਬ ਭਗੜਾਣਾ ਦੀ ਹੋਈ ਮੀਟਿੰਗ ਵਿਚ ਲਏ ਫੈਸਲੇ ਅਨੁਸਾਰ ਆਗੂਆਂ ਵੱਲੋਂ ਮੁੱਖ ਮੰਤਰੀ ਦੇ ਨਾਂ ਏਡੀਸੀ ਜਨਰਲ ਦੀਪ ਸ਼ਿਖਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮੁਲਾਜ਼ਮਾਂ ਅਤੇ ਰਿਟਾਇਰੀ ਮੁਲਾਜ਼ਮਾਂ ਦੀਆਂ ਮੰਗਾਂ ਦੇ ਸਬੰਧ 'ਚ ਵਿਚਾਰ ਵਿਟਾਂਦਰਾ ਕਰਨ ਲਈ ਮੀਟਿੰਗ ਦਾ ਸਮਾਂ ਦੇਣ ਦੀ ਮੰਗ ਕੀਤੀ ਗਈ। ਸਮੂਹ ਵਿਭਾਗਾਂ ਦੇ ਠੇਕਾ ਅਧਾਰਿਤ, ਆਊਟ ਸੋਰਸਿਸ, ਡੇਲੀਵੇਜ਼ ਅਤੇ ਐੱਡਹਾਕ 'ਚ ਕੰਮ ਕਰਦੇ ਕਰਮਚਾਰੀਆਂ ਨੂੰ ਰੈਗੂਲਰ ਕਰਨ, ਮੋਬਾਈਲ ਭੱਤਾ ਕੈਟਾਗਿਰੀ ਅਨੁਸਾਰ ਬਹਾਲ ਕਰਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ 'ਤੇ ਡਿਵੈਲਪੇਂਟ ਦੇ ਨਾਂ 'ਤੇ ਲਾਇਆ 2400 ਰੁਪਏ ਜਬਰੀ ਟੈਕਸ ਵਾਪਸ ਲੈਣ, ਕਰਮਚਾਰੀਆਂ ਦੀ ਛਟਨੀ ਰੱਦ ਕਰਨ, ਨਵੀਂ ਭਰਤੀ ਕਰਨ, 6ਵਾਂ ਪੇ ਸਕੇਲ ਲਾਗੂ ਕਰਨ, ਪੰਜਾਬ ਸਰਕਾਰ ਵਲੋਂ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਬੱਝਵਾ ਮੈਡੀਕਲ ਭੱਤਾ 2000 ਰੁਪਏ ਪ੍ਰਤੀ ਮਹੀਨਾ ਕਰਨ, ਡਿਊਟੀ ਦੌਰਾਨ ਮੌਤ ਹੋਣ 'ਤੇ 50 ਲੱਖ ਰੁਪਏ ਦੇਣ, ਵੱਖ ਵੱਖ ਵਿਭਾਗਾਂ ਵਿਚ ਖਾਲੀ ਅਸਾਮੀਆਂ ਦੀ ਰੈਗੂਲਰ ਭਰਤੀ ਕਰਨ, ਕੋਵਿਡ ਮਹਾਮਾਰੀ ਦੌਰਾਨ ਆਪਣੀ ਜਾਨ ਜੋਖਿਮ ਵਿਚ ਪਾ ਕੇ ਕੰਮ ਕਰ ਰਹੇ ਮੁਲਾਜ਼ਮਾਂ ਦਾ 50 ਲੱਖ ਰੁਪਏ ਬੀਮਾ ਕਰਨ ਅਤੇ ਮੌਤ ਹੋਣ 'ਤੇ ਰੈਲੂਗਰ ਕਰਮਚਾਰੀ ਦੀ ਤਰ੍ਹਾਂ ਸਪੈਸ਼ਲ ਰਾਸ਼ੀ 10 ਲੱਖ ਰੁਪਏ ਕਰਨ ਦੀ ਮੰਗ ਕੀਤੀ। ਇਸ ਮੌਕੇ ਸੁਰਜੀਤ ਸਿੰਘ ਸੈਣੀ ਸੂਬਾ ਸੀਨੀਅਰ ਮੀਤ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੇਲੀ, ਬਾਬਾ ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਮਨਿਸਟ੍ਰੀਅਲ ਸਟਾਫ ਰੋਪੜ, ਨਿਰਮਲਜੀਤ ਸਿੰਘ ਰੱਲ੍ਹ ਮੀਤ ਪ੍ਰਧਾਨ ਮੁਲਾਜ਼ਮ ਫਰੰਟ ਰੋਪੜ ਮੌਜੂਦ ਸਨ।