ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਨਾਲ 1 ਅੌਰਤ ਦੀ ਮੌਤ, 22 ਨਵੇਂ ਮਾਮਲੇ

ਕੁੱਲ ਮਰੀਜ਼ਾਂ ਦੀ ਗਿਣਤੀ 118 ਹੋਈ

ਸਟਾਫ ਰਿਪੋਰਟਰ, ਰੂਪਨਗਰ : ਰੂਪਨਗਰ ਜ਼ਿਲ੍ਹੇ 'ਚ ਅੱਜ ਕੋਰੋਨਾ ਪਾਜ਼ੇਟਿਵ 22 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਨੰਗਲ ਦੇ ਪਿੰਡ ਭਲਾਣ ਦੀ 52 ਸਾਲਾ ਕੋਰੋਨਾ ਪਾਜ਼ੇਟਿਵ ਅੌਰਤ ਦੀ ਮੌਤ ਹੋ ਗਈ ਜੋ ਕਿ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸੀ। ਰੂਪਨਗਰ ਜ਼ਿਲ੍ਹੇ ਵਿਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 118 ਹੋ ਗਈ ਹੈ ਅੱਜ ਸਿਵਲ ਹਸਪਤਾਲ ਰੂਪਨਗਰ ਵਿਖੇ ਹੀ ਇਕ ਕੋਰੋਨਾ ਪਾਜ਼ੇਟਿਵ ਅੌਰਤ ਨੇ ਬੱਚੇ ਨੂੰ ਜਨਮ ਦਿੱਤਾ ਅਤੇ ਜੱਚਾ ਬੱਚਾ ਦੋਵੇਂ ਤੰਦਰੁਸਤ ਹਨ। ਇਸ ਬਾਰੇ ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਨੇ ਦੱਸਿਆ ਕਿ ਅੱਜ ਕੋਰੋਨਾ ਪਾਜ਼ੇਟਿਵ ਅੌਰਤ ਦੀ ਡਿਲਵਰੀ ਡਾ. ਨੀਰਜ, ਸਹਾਇਕ ਕ੍ਰਿਸ਼ਨਾ, ਸਰੋਜ ਤੇ ਗੁਰਮੇਲ ਵਲੋਂ ਕੀਤੀ ਗਈ। ਬੱਚੇ ਦਾ ਕੋਰੋਨਾ ਸੈਂਪਲ ਲਿਆ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ 409 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ

ਅੱਜ ਆਏ ਕੋਰੋਨਾ ਐਕਟਿਵ ਮਰੀਜ਼ਾਂ ਵਿਚ ਰੂਪਨਗਰ ਸ਼ਹਿਰ ਦਾ 1 ਮਰੀਜ਼, ਚਮਕੌਰ ਸਾਹਿਬ ਦੇ 6 ਮਰੀਜ਼, ਕੀਰਤਪੁਰ ਸਾਹਿਬ ਦੇ 2 ਮਰੀਜ਼, ਭਰਤਗੜ੍ਹ ਦੇ 4 ਮਰੀਜ਼, ਮੋਰਿੰਡਾ ਦੇ 4 ਮਰੀਜ਼, ਨੰਗਲ ਦੇ 3 ਮਰੀਜ਼, ਸ੍ਰੀ ਅਨੰਦਪੁਰ ਸਾਹਿਬ ਦਾ 1 ਮਰੀਜ਼, ਨੂਰਪੁਰ ਬੇਦੀ ਦਾ 1 ਨਵਾਂ ਮਰੀਜ਼ ਆਇਆ ਹੈ। ਕਾਬਿਲੇਗੌਰ ਹੈ ਕਿ ਰੂਪਨਗਰ ਜ਼ਿਲ੍ਹੇ ਵਿਚ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ 7 ਮੌਤ ਹੋ ਚੁੱਕੀਆਂ ਹਨ ਜਿਨ੍ਹਾਂ ਵਿਚ 67 ਸਾਲਾ ਅੌਰਤ ਪਿੰਡ ਮਨਸੂਹਾ, 42 ਸਾਲਾ ਵਿਅਕਤੀ ਪਿੰਡ ਬ੍ਹਮਪੁਰ ਅਤੇ 65 ਸਾਲਾ ਵਿਅਕਤੀ ਪਿੰਡ ਬੱਸੀ ਗੁੱਜਰਾਂ , 78 ਸਾਲਾ ਪਿੰਡ ਨੰਗਲੀ ਟੱਪਰੀਆਂ ਸਬ ਡਿਵੀਜਨ ਸ਼੍ਰੀ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੇ ਪਿੰਡ ਰਾਮਪੁਰ ਬੇਟ ਦਾ 54 ਸਾਲ ਦਾ ਵਿਅਕਤੀ, ਪਿੰਡ ਰਾਮਪੁਰ ਬੇਟ ਦਾ 54 ਸਾਲਾ ਵਿਅਕਤੀ ਅਤੇ ਹੁਣ ਪਿੰਡ ਭਲਾਣ ਦੀ 52 ਸਾਲਾ ਅੌਰਤ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਹੁਣ ਤਕ ਜ਼ਿਲ੍ਹੇ ਵਿਚ 383 ਕੋਰੋਨਾ ਪਾਜ਼ੇਟਵਿ ਮਾਮਲੇ ਆ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 258 ਤੰਦਰੁਸਤ ਹੋ ਕੇ ਘਰ ਪਰਤ ਚੁੱਕੇ ਹਨ

-----------------

793 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ

ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਨੇ ਦੱਸਿਆ ਕਿ ਹੁਣ ਤਕ ਕੁੱਲ 24447 ਸੈਂਪਲ ਲਏ ਗਏ, ਜਿਸ 'ਚੋਂ 23322 ਦੇ ਸੈਂਪਲ ਨੈਗਟਿਵ ਆਏ ਹਨ ਜਦੋਂ ਕਿ 793 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਵਿਚ ਕੁੱਲ 118 ਮਰੀਜ਼ ਕੋਰੋਨਾ ਪਾਜ਼ੇਟਿਵ ਹਨ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ-19 ਦੀ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਅਤੇ ਜ਼ਰੂਰੀ ਕੰਮ ਲਈ ਹੀ ਘਰ ਤੋਂ ਬਾਹਰ ਜਾਣ ਅਤੇ ਬਿਨਾਂ ਕੰਮ ਤੋਂ ਬਾਹਰ ਨਾ ਜਾਣ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ 'ਤੇ ਕਾਬੂ ਪਾਉਣ ਲਈ ਮਾਸਕ ਲਗਾਉਣਾ ਬਹੁਤ ਜ਼ਰੂਰੀ ਹੈ।