136 ਤਸਕਰਾਂ ਦੀ ਹੋਈ ਗਿ੍ਫਤਾਰੀ, ਪਿਛਲੇ 3 ਮਹੀਨਿਆਂ ਦੌਰਾਨ 2,03,419 ਲੀਟਰ ਲਾਹਣ ਬਰਾਮਦ

ਪੱਤਰ ਪ੍ਰਰੇਰਕ, ਰੂਪਨਗਰ : ਨਾਜਾਇਜ਼ ਸ਼ਰਾਬ ਉਤਪਾਦਨ ਤੇ ਤਸਕਰੀ ਕਰਨ ਵਾਲਿਆਂ 'ਤੇ ਸਿਕੰਜ਼ਾ ਕੱਸਦੇ ਹੋਏ ਪੁਲਿਸ ਵਿਭਾਗ ਨੇ ਜ਼ਿਲ੍ਹੇ 'ਚ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਮਈ 2020 ਤੋਂ ਹੁਣ ਤਕ 119 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਇਸ ਅਪਰਾਧ ਨਾਲ ਜੁੜੇ 136 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 2,03,419 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਐੱਸਅੱੈਸਪੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਫੜਨ ਲਈ ਮਈ ਮਹੀਨੇ ਤੋਂ ਲੈ ਕੇ ਹੁਣ ਤਕ ਸੈਂਕੜੇ ਛਾਪੇ ਮਾਰੇ ਗਏ ਹਨ, ਜਿਸ ਤਹਿਤ 2,03,419 ਲੀਟਰ ਲਾਹਣ ਤੇ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤਕ 119 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 136 ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਵਿਭਾਗ ਵੱਲੋਂ ਵੱਖ-ਵੱਖ ਛਾਪਿਆਂ ਦੌਰਾਨ 2,03,419 ਲੀਟਰ ਲਾਹਣ ਅਤੇ 68 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਬਾਹਰਲੇ ਖੇਤਰਾਂ ਤੋਂ ਆ ਰਹੀ 1531 ਲੀਟਰ ਨਾਜਾਇਜ਼ ਸ਼ਰਾਬ ਨੂੰ ਕਾਬੂ ਕਰ ਕੇ ਮੁਲਜ਼ਮਾਂ ਖਿਲਾਫ ਗੰਭੀਰ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਦਿ੍ੜ ਸੰਕਲਪ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਸਰਾਬ ਕਾਰਨ ਪਿਛਲੇ ਦਿਨਾਂ ਵਿਚ ਹੋਏ ਹਾਦਸੇ ਦੇ ਬਾਅਦ ਹੋਰ ਵੀ ਜ਼ਿਆਦਾ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਰੋਜ਼ਾਨਾ ਵੱਡੇ ਪੱਧਰ 'ਤੇ ਛਾਪੇਮਾਰੀ ਤੇ ਨਾਕੇਬੰਦੀ ਕਰ ਕੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।