ਸਾਂਭ ਸੰਭਾਲ ਨਾ ਹੋਣ ਕਾਰਨ ਪਾਰਕ ਵਿਰਾਨ ਹੋਣ ਦੀ ਕਗਾਰ 'ਤੇ, 2009 'ਚ ਬਣਿਆ ਸੀ ਪਾਰਕ

ਪਵਨ ਕੁਮਾਰ, ਨੂਰਪੁਰ ਬੇਦੀ : ਬਲਾਕ ਨੂਰਪੁਰ ਬੇਦੀ ਅੰਦਰ ਪਹਿਲਾਂ ਕੋਈ ਵੀ ਲੋਕਾਂ ਦੇ ਮਨੋਰਜਨ ਲਈ ਪਾਰਕ ਵਗੈਰਾ ਨਹੀਂ ਸੀ ਪਰ ਜਦੋਂ ਰੂਪਨਗਰ ਜ਼ਿਲ੍ਹੇ ਦੇ ਆਦਰਸ਼ ਪੁਲਿਸ ਥਾਣਾ ਨੂਰਪੁਰ ਬੇਦੀ ਬਣਿਆ ਤਾਂ ਲੋਕਾਂ ਦੀ ਸਹੂਲਤ ਲਈ ਬਣਾਏ ਨੇਕ ਚੰਦ ਟਰੈਫਿਕ-ਕਮ-ਮਨੋਰੰਜਨ ਪਾਰਕ ਵਿਚ ਨੇਕ ਚੰਦ ਦੇ ਸੁਪਨੇ ਮਿੱਟੀ ਵਿਚ ਮਿਲ ਰਹੇ ਹਨ।

ਇਸ ਪਾਰਕ ਦੇ ਜਨਮ ਤੋਂ ਬਾਅਦ ਇਸ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਪਾਰਕ ਵਿਰਾਨ ਹੋਣ ਦੀ ਕਗਾਰ ਵੱਲ ਜਾ ਰਿਹਾ ਹੈ। ਪੁਲਿਸ ਥਾਣਾ ਨੂਰਪੁਰ ਬੇਦੀ ਦੇ ਪਿਛਲੇ ਪਾਸੇ ਨਾਲ ਲੱਗਦੀ ਖਾਲੀ ਥਾਂ 'ਤੇ ਇਸ ਪਾਰਕ ਦੀ ਸਿਰਜਨਾ ਤਤਕਾਲੀ ਜ਼ਿਲਾ ਪੁਲਿਸ ਮੁਖੀ ਐਲਕੇ.ਯਾਦਵ ਨੇ ਬੜੇ ਉਤਸ਼ਾਹ ਤੇ ਚਾਵਾਂ ਮਲਾਰਾਂ ਨਾਲ ਕਰਵਾਈ ਸੀ। ਇਸ ਪਾਰਕ ਦਾ ਉਦਘਾਰਟਨ 26 ਦਸੰਬਰ 2009 ਤਤਕਾਲੀ ਡੀਜੀਪੀ ਪੰਜਾਬ ਪਰਮਦੀਪ ਸਿੰਘ ਗਿੱਲ ਨੇ ਕੀਤਾ ਸੀ। ਇਲਾਕੇ ਦੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਅਤੇ ਉਨ੍ਹਾਂ ਦੇ ਮਨੋਰੰਜਨ ਲਈ ਇਸ ਪਾਰਕ ਦੀ ਹੋਂਦ ਰੱਖੀ ਗਈ ਸੀ। ਇਸ ਪਾਰਕ ਦੇ ਨਿਰਮਾਣ ਲਈ ਰਾਕ ਗਾਰਡਨ ਚੰਡੀਗੜ੍ਹ ਦੇ ਨਿਰਮਾਤਾ ਤੇ ਮੂਰਤੀ ਕਲਾ ਦੇ ਗਿਆਤਾ ਪਦਮ ਨੇਕ ਚੰਦ ਨੇ ਵੀ ਪੂਰੀ ਦਿਲਚਸਪੀ ਦਿਖਾਈ ਸੀ। ਤਤਕਾਲੀ ਜ਼ਿਲ੍ਹਾ ਪੁਲਿਸ ਮੁਖੀ ਯਾਦਵ ਦੇ ਸਪਨੇ ਉਸ ਵਕਤ ਸਾਕਾਰ ਹੋ ਗਏ ਸਨ ਜਦੋਂ ਉਨ੍ਹਾਂ ਨੇ ਪੁਲਿਸ ਥਾਣੇ ਦੀ ਬੇ-ਆਬਾਦ ਜ਼ਮੀਨ ਵਿਚ ਹਰਿਆਲੀ ਪੈਦਾ ਕਰਕੇ ਫੱੁਲਾਂ ਦੀ ਖੁਸ਼ਬੋ ਫੈਲਾਅ ਦਿੱਤੀ ਸੀ। ਕਦੀ ਪੁਲਿਸ ਥਾਣੇ ਵਿਚ ਜਾਣ ਦਾ ਖੌਫ ਰੱਖਣ ਵਾਲੇ ਬੱਚੇ ਤੇ ਬਜ਼ੁਰਗ ਇਸ ਪਾਰਕ ਦੀ ਸਿਰਜਨਾ ਤੋਂ ਬਾਅਦ ਇਥੇ ਦੀਆਂ ਰੌਣਕਾਂ ਬਣ ਗਏ ਸਨ ਪਰ ਪਿਛਲੇ ਕਈ ਸਾਲ ਤੋਂ ਇਸ ਪਾਰਕ ਦੇ ਰੱਖ ਰਖਾਵ ਤੇ ਸਾਂਭ ਸੰਭਾਲ ਵਿਚ ਪ੍ਰਬੰਧਕਾਂ ਵਲੋਂ ਯਾਦਵ ਵਰਗੀ ਦਿਲਚਸਪੀ ਨਾ ਦਿਖਾਉਣ ਕਰ ਕੇ ਹੁਣ ਇਹ ਪਾਰਕ ਵਿਰਾਨ ਹੋਣ ਲੱਗ ਪਿਆ ਹੈ। ਦੋ ਬੱਚਿਆਂ ਦੇ ਬਚਪਨ ਦੀ ਯਾਰੀ ਦੀ ਸਾਂਝ ਨੂੰ ਪੇਸ਼ ਕਰਦੀ ਕਲਾਕਿ੍ਤੀ ਦੇ ਇਕ ਲੜਕੇ ਦੀ ਟੱੁਟੀ ਬਾਂਹ ਦਾ ਦਿ੍ਸ਼ ਚੀਕਾਂ ਮਾਰ-ਮਾਰ ਪ੍ਰਬੰਧਕਾਂ ਨੂੰ ਉਨ੍ਹਾਂ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਦੀ ਗੱਲ ਕਹਿ ਰਹੀ ਹੈ ਜਦਕਿ ਦੂਜੇ ਲੜਕੇ ਦੀ ਕਲਾਕਿ੍ਤੀ ਡਿੱਗ ਕੇ ਦਮ ਤੋੜ ਚੁੱਕੀ ਹੈ। ਪੰਜਾਬ ਦੇ ਵਿਰਸੇ ਦੀਆਂ ਬਾਤਾਂ ਪਾਉਂਦੀਆਂ ਗਤਕੇ ਖੇਡਦੇ ਮੁੰਡਿਆਂ ਦੀਆਂ ਮੂਰਤੀਆਂ ਵਿਚੋਂ ਇਕ ਮੁੰਡੇ ਦੀ ਬਾਂਹ ਸਰੀਰ ਨਾਲੋਂ ਕੱਟੀ ਜਾ ਚੱਕੀ ਹੈ ਤੇ ਉਨ੍ਹਾਂ ਦੇ ਹੱਥਾਂ ਵਿਚ ਗੱਤਕੇ ਦੇ ਹਥਿਆਰ ਗਾਇਬ ਹਨ। ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਸਿੱਖਿਆ ਦੇਣ ਲਈ ਲਗਾਏ ਸੰਕੇਤ ਬੋਰਡ ਦੇ ਅੱਖਰ ਸਮੇਂ ਨਾਲ ਧੁੰਦਲਾਅ ਗਏ ਹਨ। ਪ੍ਰਬੰਧਕਾਂ ਨੇ ਕਦੀ ਇਸ ਬੋਰਡ ਦੇ ਸੰਕੇਤ ਚਿੰਨਾਂ ਨੂੰ ਦੁਬਾਰਾ ਉਕਾਰਨ ਤੇ ਟੁੱਟ ਹੋਏ ਬੱੁਤਾਂ ਨੂੰ ਰੰਗ ਕਰਨ ਦੀ ਜ਼ੁਅਰਤ ਨਹੀਂ ਦਿਖਾਈ। ਟ੍ਰੈਫਿਕ ਨਿਯਮਾਂ ਵਾਲੇ ਕੈਬਿਨ ਕੋਲ ਪਾਰਕ 'ਚ ਆਏ ਪ੍ਰਰਾਹੁਣਿਆਂ ਲਈ ਪੜਨ ਵਾਸਤੇ ਲਗਾਏ ਅਖਬਾਰਾਂ ਵਾਲੇ ਸਟੈਂਡ ਲੰਬੇ ਸਮੇਂ ਤੋਂ ਅਖਬਾਰਾਂ ਦੀ ਇੰਤਜ਼ਾਰ ਵਿਚ ਹਨ। ਬੰਟੇ ਖੇਡਦੇ ਦੋ ਜੁਆਕਾਂ ਵਾਲੀਆਂ ਮੂਰਤੀਆਂ ਦਰਸ਼ਕਾਂ ਦਾ ਮੂੰਹ ਚਿੜਾਅ ਰਹੀਆਂ ਹਨ। ਪਾਰਕ ਵਿਚ ਘੁੰਮਦੇ ਲਗਾਈਆਂ ਕਲਾਕਿ੍ਤੀਆਂ ਦੇ ਕੋਈ ਨਾ ਕੋਈ ਗਾਇਬ ਅੰਗ ਸਹਿਜੇ ਹੀ ਦੇਖੇ ਜਾ ਸਕਦੇ ਹਨ। ਲੋਕਾਂ ਦੇ ਮਨੋਰੰਜਨ ਲਈ ਪਾਰਕ ਦੇ ਅੰਦਰ ਤੇ ਬਾਹਰ ਲਗਾਏ ਵੱਡ ਆਕਾਰੀ ਬੱੁਤਾਂ ਉੱਤੇ ਧੂੜ ਤੇ ਮਿੱਟੀ ਜੰਮੀ ਹੋਈ ਹੈ। ਬੱੁਤਾਂ 'ਤੇ ਲੱਗੀ ਮਿੱਟੀ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਣ ਵਾਲੇ ਬੱੁਤਾਂ ਦੀ ਤਰਾਸਦੀ ਦੇ ਯਥਾਰਥ ਨੂੰ ਬਾਖੂਬੀ ਪੇਸ਼ ਕਰਦੀ ਹੈ। ਵਰਿ੍ਹਆਂ ਬੱਧੀ ਰੰਗ ਰੋਗਨ ਨਾ ਹੋਣ ਕਾਰਨ ਪਾਰਕ ਦੀਆਂ ਮੂਰਤੀਆਂ ਦੀਆਂ ਪ੍ਰਬੰਧਕਾਂ ਨੂੰ ਫਿਟਕਾਰ ਰਹੀਆਂ ਜਾਪਦੀਆਂ ਹਨ। ਪਾਰਕ ਦੇ ਨਾਲ ਲੱਗੇ ਇਕ ਹਿੱਸੇ ਦੀ ਲੈਡ ਸਕੇਪਿੰਗ ਕਰਨ ਦੀ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਉਸ ਹਿੱਸੇ ਵਿਚਲੀ ਗੰਦਗੀ ਪਾਰਕ ਦੀ ਸੁੰਦਰਤਾ ਨੂੰ ਗ੍ਹਿਣ ਲਗਾ ਰਹੀ ਹੈ। ਪਾਰਕ ਦੇ ਕਿਆਰਿਆਂ 'ਚ ਲੱਗਿਆ ਹਰਾ ਘਾਹ ਸੋਕੇ ਦੀ ਮਾਰ ਹੇਠ ਹੈ। ਪਾਰਕ ਦੀਆਂ ਕਿਆਰੀਆਂ ਦੇ ਫੱੁਲ ਅਣਦੇਖੀ ਕਾਰਨ ਖੁਸ਼ਬੂ ਦੇਣੋਂ ਹੱਟ ਗਏ ਹਨ।

---------------

ਕਿੰਝ ਹੋਇਆ ਸੀ ਮਨੋਰੰਜਨ ਪਾਰਕ ਦਾ ਨਿਰਮਾਣ

ਪੁਲਿਸ ਥਾਣਾ ਨੂਰਪੁਰ ਬੇਦੀ ਅੰਦਰ ਬਣੇ ਇਸ ਮਨਰੰਜਨ ਪਾਰਕ ਦੀ ਸਾਂਭ ਸੰਭਾਲ ਦਾ ਜ਼ਿੰਮਾ ਸਥਾਨਕ ਪੁਲਿਸ ਪ੍ਰਸ਼ਾਸਨ ਕੋਲ ਹੈ। ਇਸ ਪਾਰਕ ਦਾ ਨਿਰਮਾਣ ਪੁਲਿਸ ਥਾਣੇ ਅੰਦਰ ਬਣੇ ਧਾਰਮਿਕ ਸਥਾਨ ਪੀਰ ਬਾਬਾ ਜ਼ਿੰਦਾ ਸ਼ਹੀਦ ਜੀ ਦੀ ਆਮਦਨੀ ਨਾਲ ਕੀਤਾ ਗਿਆ। ਐੱਲਕੇ ਯਾਦਵ ਨੇ ਨਿੱਜੀ ਦਿਲਚਸਪੀ ਲੈ ਕੇ ਇਸ ਥਾਣੇ ਅੰਦਰ ਵਿਰਾਨ ਥਾਂ ਤੇ ਸਾਲ 2009 ਵਿਚ ਪਾਰਕ ਦੀ ਸਿਰਜਨ ਸ਼ੁਰੂ ਕੀਤੀ ਸੀ ਜਿਸ ਦਾ ਪ੍ਰਬੰਧ ਪੀਰ ਬਾਬਾ ਜ਼ਿੰਦਾ ਸ਼ਹੀਦ ਸੁਸਾਇਟੀ ਕੋਲ ਹੈ, ਜਿਸ ਦੇ ਚੇਅਰਮੈਨ ਜ਼ਿਲ੍ਹਾ ਪੁਲਿਸ ਮੁਖੀ ਹਨ।

--------------

ਲੋਕਾਂ ਵੱਲੋਂ ਪਾਰਕ ਦੀ ਜੀਵਨ ਸ਼ੈਲੀ ਨੂੰ ਜ਼ਿੰਦਾ ਰੱਖਣ ਦੀ ਮੰਗ

ਨੂਰਪੁਰ ਬੇਦੀ ਇਲਾਕੇ ਦੇ ਪਤਵੰਤੇ ਲੋਕਾਂ ਨੇ ਐੱਸਐੱਸਪੀ ਡਾਕਟਰ ਅਖਿਲ ਚੌਧਰੀ ਤੋਂ ਇਸ ਪਾਰਕ ਦੀ ਜੀਵਨ ਸ਼ੈਲੀ ਨੂੰ ਜ਼ਿੰਦਾ ਰੱਖਣ ਦੀ ਮੰਗ ਕੀਤੀ ਹੈ। ਇਲਾਕੇ ਨਿਵਾਸੀ ਸਾਬਕਾ ਸਰਪੰਚ ਸਮਰਾਟ ਚੰਦਨ ਬੈਂਸ, ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰ ਵਿਜੈ ਪੁਰੀ, ਹਰੀ ਕਿਸ਼ਨ ਨੰਬਰਦਾਰ, ਸਤਨਾਮ ਸਿੰਘ ਪੰਚ, ਮਾਸਟਰ ਗੁਰਨੈਬ ਸਿੰਘ ਜੇਤੇਵਾਲ, ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਗੁਰਮੀਤ ਸਿੰਘ ਗੋਗੀ, ਰਾਮ ਕੁਮਾਰ ਮੁਕਾਰੀ, ਮੋਹਨ ਸਿੰਘ ਧਮਾਣਾ ਆਦਿ ਨੇ ਕਿਹਾ ਕਿ ਇਸ ਪਾਰਕ ਦੇ ਬਣਨ ਨਾਲ ਬਾਬਾ ਜ਼ਿੰਦਾ ਸ਼ਹੀਦ ਅਸਥਾਨ 'ਤੇ ਸਿੱਜਦਾ ਕਰਨ ਜਾਣ ਅਤੇ ਪੁਲਿਸ ਨਾਲ ਸਬੰਧਿਤ ਕੰਮਾਂ ਲਈ ਥਾਣੇ ਜਾਣ ਵਾਲੇ ਲੋਕਾਂ ਲਈ ਬੈਠਣ ਤੇ ਘੁੰਮਣ ਲਈ ਵੱਡੀ ਸਹੂਲਤ ਪ੍ਰਰਾਪਤ ਹੋਈ ਸੀ ਪਰ ਹੁਣ ਪਾਰਕ ਦੀ ਸਹੀ ਦੇਖਭਾਲ ਨਾ ਹੋਣ ਕਾਰਨ ਪਾਰਕ ਦੀਆਂ ਕਲਾਕਿ੍ਤੀਆਂ ਦਾ ਪਤਨ ਹੋਰ ਰਿਹਾ ਹੈ ਜਿਸ ਨੂੰ ਸਾਂਭਣ ਦੀ ਸਖਤ ਲੋੜ ਹੈ।

----------------

ਪਾਰਕ ਦੀ ਸੰਭਾਲ ਲਈ ਪੱਕਾ ਕਰਮਚਾਰੀ ਨਹੀਂ : ਥਾਣਾ ਮੁਖੀ

ਇਸ ਸਬੰਧੀ ਨੂਰਪੁਰ ਬੇਦੀ ਦੇ ਥਾਣਾ ਮੁਖੀ ਜਤਿਨ ਕਪੂਰ ਨੇ ਦੱਸਿਆ ਕਿ ਇਸ ਪਾਰਕ ਦੀ ਸਾਂਭ ਸੰਭਾਲ ਲਈ ਕੋਈ ਪੱਕਾ ਕਰਮਚਾਰੀ ਨਹੀ ਹੈ। ਪਾਰਕ ਦੀ ਨਿਰੰਤਰ ਦੇਖ ਭਾਲ ਤੇ ਮੂਰਤੀਆਂ ਦੀ ਮੁਰੰਮਤ ਲਈ ਕਾਰੀਗਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੀਰ ਬਾਬਾ ਜ਼ਿੰਦਾ ਸ਼ਹੀਦ ਸੁਸਾਇਟੀ ਦੇ ਵਿੱਤੀ ਪ੍ਰਬੰਧ ਲਈ ਐੱਸਐੱਸਪੀ ਡਾ. ਅਖਿਲ ਚੌਧਰੀ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ੳੇੁਹ ਇਸ ਸਬੰਧ ਵਿਚ ਐੱਸਐੱਸਪੀ ਰਾਹੀਂ ਪਾਰਕ ਦੀ ਰੱਖ ਰਖਾਵ ਦੀ ਮੰਗ ਕਰਨਗੇ। ਉਨ੍ਹਾਂ ਮੰਨਿਆ ਕਿ ਅਗਰ ਇਸ ਪਾਰਕ ਦੀ ਸਹੀ ਸਾਂਭ ਸੰਭਾਲ ਨਹੀ ਹੋਈ ਤਾਂ ਇਹ ਪਾਰਕ ਵਿਰਾਨ ਹੋ ਜਾਵੇਗਾ।

--------------

ਪਾਰਕ ਦੇ ਰੱਖ ਰਖਾਵ ਲਈ ਫੰਡ ਜਾਰੀ ਕਰਾਂਗੇ : ਐੱਸਐਸਪੀ

ਇਸ ਸਬੰਧੀ ਐੱਸਐੱਸਪੀ ਡਾਕਟਰ ਅਖਿਲ ਚੌਧਰੀ ਨੇ ਕਿਹਾ ਕਿ ਨੂਰਪੁਰ ਬੇਦੀ ਥਾਣੇ ਅੰਦਰ ਬਣੇ ਪਾਰਕ ਦਾ ਮੁੱਦਾ ਮੇਰੇ ਧਿਆਨ 'ਚ ਆ ਗਿਆ ਹੈ। ਮੈਨੂੰ ਇਸ ਦੇ ਬਾਰੇ ਜਾਣਕਾਰੀ ਨਹੀਂ ਸੀ । ਕਿ ਇਸ ਪਾਰਕ ਦੀ ਹਾਲਤ ਕਾਫੀ ਖ਼ਸਤਾ ਬਣ ਗਈ ਹੈ। ਮੈਨੂੰ ਆਪਣਾ ਅਹੁਦਾ ਸੰਭਾਲੇ ਅਜੇ ਕੁਝ ਸਮਾਂ ਹੀ ਹੋਇਆ ਹੈ। ਮੈਂ ਇਸ ਪਾਰਕ ਦੇ ਰੱਖ ਰਖਾਅ ਲਈ ਫੰਡ ਜਾਰੀ ਕਰ ਦੇਵਾਂਗਾ।