Ðਲਖਵੀਰ ਖਾਬੜਾ, ਰੂਪਨਗਰ : ਸਰਕਾਰੀ ਕਾਲਜ ਰੂਪਨਗਰ ਦੇ ਹੋਸਟਲ 'ਚ ਰਹਿ ਰਹੀ ਇਕ ਪ੍ਰਵਾਸੀ ਅੌਰਤ ਦਾ ਕੋਈ ਪਤਾ ਨਾ ਮਿਲਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਕਸੂਤੀ ਸਥਿਤੀ 'ਚ ਫਸਿਆ ਹੋਇਆ ਹੈ। ਜਾਣਕਾਰੀ ਅਨੁਸਾਰ ਕੋਰੋਨਾ ਮਹਾਮਾਰੀ ਦੇ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਕਾਲਜ ਦੇ ਹੋਸਟਲ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਰੱਖਿਆ ਹੋਇਆ ਸੀ ਅਤੇ ਜਦੋਂ ਸਰਕਾਰ ਵੱਲੋਂ ਲਾਏ ਲਾਕਡਾਊਨ ਨੂੰ ਖੋਲਿ੍ਹਆ ਗਿਆ ਸੀ ਤਾਂ ਇਨਾਂ੍ਹ ਪਰਵਾਸੀ ਮਜ਼ਦੂਰਾਂ ਨੂੰ ਇਨ੍ਹਾਂ ਦੇ ਘਰਾਂ ਤਕ ਪਹੁੰਚਾਇਆ ਗਿਆ ਸੀ ਪਰ ਉਕਤ ਅੌਰਤ, ਜਿਸ ਦੀ ਉਮਰ ਕਰੀਬ 55 ਸਾਲ ਦੇ ਕਰੀਬ ਹੈ, ਉਸ ਵੱਲੋਂ ਪ੍ਰਸ਼ਾਸਨ ਅਧਿਕਾਰੀ ਨੂੰ ਕੋਈ ਪੱਕਾ ਪਤਾ ਨਾ ਦੱਸਣ ਦੇ ਕਾਰਨ ਸਰਕਾਰ ਕਾਲਜ ਰੋਪੜ ਦੇ ਹੋਸਟਲ ਰੱਖਿਆ ਹੋਇਆ ਹੈ। ਇਸ ਅੌਰਤ ਦੀ ਸੁਰੱਖਿਆ ਲਈ ਦੋ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਹੋਏ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਅੌਰਤ ਦਾ ਕਾਲਜ ਹੋਸਟਲ 'ਚ ਪਿਛਲੇ ਕਾਫੀ ਦਿਨਾਂ ਤੋਂ ਰਹਿਣ ਦਾ ਸਿਹਤ ਵਿਭਾਗ ਨੰੂ ਪਤਾ ਹੀ ਨਹੀਂ ਹੈ, ਜਿਸ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਅਜਿਹੇ ਲੋਕਾਂ ਦਾ ਸਮੇਂ-ਸਮੇ 'ਤੇ ਸਿਹਤ ਦੀ ਜਾਂਚ ਕਰੇ। ਐੱਸਡੀਐੱਮ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਅੌਰਤ ਦਾ ਦਿਮਾਗੀ ਸੰਤੁਲਨ ਠੀਕ ਨਾ ਹੋਣ ਕਾਰਨ ਤੇ ਬੋਲੀ (ਭਾਸ਼ਾ) ਸਮਝ ਨਾ ਆਉਣ ਕਾਰਨ ਹੋਸਟਲ ਵਿਚ ਪੱਕਾ ਟਿਕਾਣਾ ਮਿਲਣ ਤਕ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅੌਰਤ ਦੇ ਰਹਿਣ ਸਹਿਣ ਲਈ ਸੁਚੱਜੇ ਪ੍ਰਬੰਧ ਕਰਨ ਲਈ ਨਗਰ ਕੌਂਸਲ ਤੋਂ ਪੱਤਰ ਵੀ ਮਿਲਿਆ ਹੈ, ਜਲਦ ਹੀ ਉਕਤ ਅੌਰਤ ਦੇ ਰਹਿਣ ਲਈ ਢੁੱਕਵਾ ਪ੍ਰਬੰਧ ਕੀਤਾ ਜਾਵੇਗਾ ਅਤੇ ਸਿਹਤ ਦੀ ਜਾਂਚ ਵੀ ਕਰਵਾਈ ਜਾਵੇਗੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਗਰ ਕੌਂਸਲ ਵੱਲੋਂ ਉਕਤ ਮਹਿਲਾ ਦੇ ਰਹਿਣ ਸਹਿਣ ਤੇ ਸਾਫ ਸਫਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਖਾਣ ਪੀਣ ਦਾ ਪ੍ਰਬੰਧ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਆਪਣੀ ਰਸੋਈ ਤੋਂ ਕੀਤਾ ਗਿਆ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਭਜਨ ਚੰਦ ਨੇ ਕਿਹਾ ਕਿ ਉਕਤ ਮਹਿਲਾ ਨੂੰ ਕਿਸੇ ਉਚਿੱਤ ਥਾਂ 'ਤੇ ਭੇਜਣ ਲਈ ਅਸੀ ਤਿੰਨ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿੱਠੀ ਪੱਤਰ ਭੇਜ ਚੁੱਕੇ ਹਾਂ ਕਿ ਇਸ ਅੌਰਤ ਨੂੰ ਕਿਸੇ ਮਹਿਲਾ ਆਸ਼ਰਮ ਜਾਂ ਹੋਰ ਉਚਿੱਤ ਥਾਂ 'ਤੇ ਭੇਜਿਆ ਜਾਵੇ ਪਰ ਅਜੇ ਤਕ ਕੋਈ ਪ੍ਰਬੰਧ ਨਹੀਂ ਹੋਇਆ।

ਉੱਧਰ ਸਿਵਲ ਸਰਜਨ ਰੋਪੜ ਨੂੰ ਵਾਰ-ਵਾਰ ਫੋਨ ਕਰਨ 'ਤੇ ਫੋਨ ਨਾ ਚੁੱਕਣ ਉਪਰੰਤ ਸੀਨੀਅਰ ਮੈਡੀਕਲ ਅਫਸਰ ਪਵਨ ਕੁਮਾਰ ਨੇ ਕਿਹਾ ਕਿ ਪਹਿਲਾ ਤਾਂ ਜਿਹੜੇ ਪ੍ਰਵਾਸੀ ਮਜ਼ਦੂਰ ਠਹਿਰੇ ਸਨ, ਉਨ੍ਹਾਂ ਦਾ ਵਿਭਾਗ ਵੱਲੋਂ ਮੈਡੀਕਲ ਚੈੱਕਅਪ ਕੀਤਾ ਜਾਂਦਾ ਸੀ ਪਰ ਇਸ ਅੌਰਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਹੀ ਪਤਾ ਕਰ ਕੇ ਉਕਤ ਅੌਰਤ ਦਾ ਮੈਡੀਕਲ ਚੈੱਕਅਪ ਕੀਤਾ ਜਾਵੇਗਾ।