ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਚਾਰ ਸਾਲ ਬੀਤ ਜਾਣ ਦੇ ਬਾਵਜੂਦ ਬਹਿਬਲ ਕਾਂਡ ਦਾ ਮਸਲਾ ਅਜੇ ਤਕ ਹੱਲ ਨਹੀ ਕੀਤਾ ਜਾ ਸਕਿਆ ਜੋ ਪੰਜਾਬ ਸਰਕਾਰ ਦੀ ਨਲਾਇਕੀ ਦੀ ਮੂੰਹ ਬੋਲਦੀ ਤਸਵੀਰ ਹੈ। ਇਨ੍ਹਾਂ ਚਾਰ ਸਾਲਾਂ ਵਿਚ ਨਾ ਤਾਂ ਸਿੱਟ ਨੇ ਕੁਝ ਕੀਤਾ ਤੇ ਨਾ ਹੀ ਪੰਜਾਬ ਸਰਕਾਰ ਨੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ।

ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਸਿੱਟ ਦੀ ਰਿਪੋਰਟ ਹਾਈਕੋਰਟ ਵਲੋਂ ਬੇਨਿਯਮੀ ਕਾਰਨ ਖਾਰਜ ਕਰ ਦਿਤੀ ਹੈ ਤੇ ਸਰਕਾਰ ਇਸ ਮਾਮਲੇ 'ਤੇ ਫੇਲ ਨਜ਼ਰ ਆ ਰਹੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਬਹਿਬਲ ਕਾਂਡ ਨਾਲ ਸਿੱਖ ਸੰਗਤਾਂ ਦੇ ਦਿਲਾਂ ਅੰਦਰ ਦਰਦ ਹੈ ਪਰ ਅਫਸੋਸ ਸਰਕਾਰ ਇਸ ਵਲ ਧਿਆਨ ਨਹੀ ਦੇ ਰਹੀ।

ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਸਬੰਧੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਨੱਥ ਪਾ ਕੇ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਸ਼ਤਾਬਦੀ ਸਮਾਗਮ 29, 30 ਅਪ੍ਰੈਲ ਅਤੇ ਇਕ ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣ ਬਾਰੇ ਪੁੱਛਣ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਪਤਾ ਨਹੀ। ਉਨ੍ਹਾਂ ਕਿਹਾ ਕਿ ਸੰਗਤਾਂ ਨੇ ਇਸ ਤਰ ਦੇ ਧਾਰਮਿਕ ਸਮਾਗਮ ਕਰਵਾਉਣ ਦੀ ਜ਼ਿੰਮੇਵਾਰੀ ਕੌਮ ਦੀ ਨੁਮਾਇੰਦਾ ਜੱਥੇਬੰਦੀ ਨੂੰ ਸੌਂਪੀ ਹੋਈ ਹੈ ਤੇ ਅਸੀਂ ਆਪਣੇ ਇਨ੍ਹਾਂ ਫਰਜ਼ਾਂ ਨੂੰ ਜ਼ਿੰਮੇਵਾਰੀ ਨਾਲ ਨਿਭਾ ਰਹੇ ਹਾਂ। ਉਨ੍ਹਾਂ ਕਿਹਾ ਸਰਕਾਰ ਇਥੇ ਸਮਾਗਮ ਕਰ ਰਹੀ ਹੈ ਤਾਂ ਇਹ ਸਰਕਾਰ ਦੀ ਮਰਜ਼ੀ ਹੈ, ਮੈਂ ਇਸ ਬਾਰੇ ਕੁਝ ਵੀ ਕਹਿਣਾ ਨਹੀ ਚਾਹੁੰਦੀ।

ਉਨ੍ਹਾਂ ਕਿਹਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਸਮਾਗਮ ਉਨ੍ਹਾਂ ਦੇ ਪ੍ਰਕਾਸ਼ ਅਸਥਾਨ ਤੇ ਹੀ ਕਰਨੇ ਹਨ। ਉਨ੍ਹਾਂ ਸੰਗਤਾਂ ਨੂੰ ਸੱਦਾ ਦਿੱਤਾ ਕਿ 29 ਅਪ੍ਰੈਲ ਤੋਂ ਇਕ ਮਈ ਤਕ ਹੋਣ ਵਾਲੇ ਸਮਾਗਮਾਂ ਵਿਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਮੌਕੇ ਉਨ੍ਹਾਂ ਦੇ ਨਾਲ ਅਤ੍ਰਿੰਗ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ ਵੀ ਹਾਜਰ ਸਨ।

Posted By: Sunil Thapa