Posted By: Sarabjeet Kaur
14 ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਜੇਤੂ ਖਿਡਾਰਣਾਂ ਦਾ ਫੁੱਲਾਂ ਨਾਲ ਸਵਾਗਤ
Publish Date:Thu, 14 Nov 2019 02:30 PM (IST)

ਸਰਬਜੀਤ ਸਿੰਘ,ਰੂਪਨਗਰ : ਦੋਹਾ ਕਤਰ 'ਚ ਸਮਾਪਤ ਹੋਈਆਂ 14ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 'ਚ ਰੋਪੜ ਜ਼ਿਲ੍ਹੇ ਦੀਆਂ ਭਾਰਤ ਟੀਮ ਦੀਆਂ ਜੇਤੂ ਖਿਡਾਰਣਾਂ ਜੈਸਮੀਨ ਕੌਰ ਤੇ ਖੁਸ਼ੀ ਸੈਣੀ ਦਾ ਅੱਜ ਇਥੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ। ਢੋਲ ਢਮੱਕੇ ਨਾਲ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਸੋਲਖੀਆਂ ਤੋਂ ਮੱਥਾ ਟੇਕਣ ਤੋਂ ਬਾਅਦ ਖੁੱਲ੍ਹੀ ਜੀਪ ਵਿਚ ਸਵਾਰ ਹੋ ਕੇ ਰੋਪੜ ਲਿਆਂਦਾ ਗਿਆ । ਇਥੇ ਸ਼ਹਿਰ ਵਾਸੀਆਂ ਤੇ ਵੱਖ-ਵੱਖ ਸੰਸਥਾਵਾਂ ਵਲੋਂ ਦੋਵੇਂ ਖਿਡਾਰਣਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਤੇ ਮੂੰਹ ਮਿੱਠਾ ਕਰਵਾਇਆ ਗਿਆ। ਜਦਕਿ ਪ੍ਰਸ਼ਾਸਨ ਵਲੋਂ ਕੋਈ ਵੀ ਅਧਿਕਾਰੀ ਦੋਵੇਂ ਖਿਡਾਰਣਾਂ ਦੇ ਸਵਾਗਤ ਲਈ ਨਹੀਂ ਪਹੁੰਚਿਆ। ਜਿਸ ਨਾਲ ਖੇਡ ਪ੍ਰੇਮੀਆਂ ਨੂੰ ਨਿਰਾਸ਼ਾ ਹੋਈ। ਕਾਬਿਲੇਗੌਰ ਹੈ ਕਿ ਜੈਸਮੀਨ ਕੌਰ ਨੇ 10 ਮੀਟਰ ਏਅਰ ਰਾਈਫਲ ਯੂਥ ਸੀਨੀਅਰ ਕੈਟਾਗਿਰੀ 'ਚ ਸੋਨ ਤਗਮਾ ਜਿੱਤਿਆ ਹੈ ਜਦਕਿ ਖੁਸ਼ੀ ਸੈਣੀ ਨੇ 10 ਮੀਟਰ ਏਅਰ ਰਾਈਫਲ ਜੂਨੀਅਰ ਕੈਟਾਗਿਰੀ ਸਿੰਗਲ ਵਿਚ ਕਾਂਸਾ ਤਗਮਾ ਅਤੇ ਡਬਲ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਨ੍ਹਾਂ ਖਿਡਾਰਣਾਂ ਦਾ ਇਸ ਤੋਂ ਪਹਿਲਾਂ ਪੁਲਿਸ ਲਾਈਨ, ਪੁਲ ਬਾਜ਼ਾਰ ਤੇ ਬੇਲਾ ਚੌਕ ਵਿਚ ਸਵਾਗਤ ਕੀਤਾ ਅਤੇ ਫੁੱਲਾਂ ਨਾਲ ਲੱਦਿਆ ਗਿਆ। ਇਸ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਲਈ ਰਵਾਨਾ ਕੀਤਾ ਗਿਆ, ਜਿੱਥੇ ਇਹ ਦੋਵੇਂ ਲੜਕੀਆਂ ਪੜ੍ਹਾਈ ਕਰ ਰਹੀਆਂ ਹਨ। ਜੈਸਮੀਨ ਕੌਰ ਰੋਪੜ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ (ਸ਼੍ਰੀ ਚਮਕੌਰ ਸਾਹਿਬ) ਦੀ ਮੈਡੀਕਲ ਵਰਗ 'ਚ 11ਵੀਂ ਵਿਦਿਆਰਥਣ ਹੈ ਤੇ ਖੁਸ਼ੀ ਸੈਣੀ 10 ਵੀਂ ਦੀ ਵਿਦਿਆਰਥਣ ਹੈ। ਇਹ ਦੋਵੇਂ ਖਿਡਾਰਣਾਂ ਰੋਪੜ ਸ਼ਹਿਰ ਵਿਖੇ ਰਹਿ ਰਹੀਆਂ ਹਨ । ਇਸ ਦੌਰਾਨ ਜੈਸਮੀਨ ਕੌਰ ਦੀ ਮਾਤਾ ਅੰਮ੍ਰਿਤਪਾਲ ਕੌਰ, ਦਾਦਾ ਜਸਪਾਲ ਸਿੰਘ, ਖੁਸ਼ੀ ਸੈਣੀ ਦੇ ਪਿਤਾ ਐਡਵੋਕੇਟ ਹਰਜੀਤ ਸਿੰਘ, ਮਾਤਾ ਪੂਜਾ, ਦਾਦਾ ਸਾਬਕਾ ਇੰਸਪੈਕਟਰ ਸੁਰਿੰਦਰ ਸਿੰਘ, ਨਾਨੀ ਵਿਜੇ ਲਕਸ਼ਮੀ, ਕੋਚ ਨਰਿੰਦਰ ਬੰਗਾ, ਲੈਕਚਾਰ ਅਵਤਾਰ ਸਿੰਘ, ਅਧਿਆਪਕ ਸੁਖਵਿੰਦਰ ਸਿੰਘ, ਪ੍ਰਿੰਸੀਪਲ ਜਗਤਾਰ ਸਿੰਘ, ਬਲਾਕ ਸੰਮਤੀ ਮੈਂਬਰ ਇਕਬਾਲ ਸਿੰਘ ਸਾਲਾਪੁਰ, ਬੇਲਾ ਚੌਕ ਵਿਖੇ ਸੈਣੀ ਭਵਨ ਦੇ ਪ੍ਰਬੰਧਕਾਂ ਵਿਚ ਗੁਰਮੁੱਖ ਸਿੰਘ ਸੈਣੀ ਕੌਂਸਲਰ, ਰਜਿੰਦਰ ਸੈਣੀ, ਕੌਂਸਲਰ ਕੁਲਵੰਤ ਸਿੰਘ ਸੈਣੀ, ਗੁਰਮੁੱਖ ਸਿੰਘ ਲੌਂਗੀਆ, ਸੁਰਿੰਦਰ ਸਿੰਘ, ਵਲੋਂ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਇਕਬਾਲ ਸਿੰਘ ਸਾਲਾਪੁਰ ਨੇ ਕਿਹਾ ਕਿ ਦੋਵੇਂ ਖਿਡਾਰਣਾਂ ਨੇ ਸੋਨ ਤਗਮਾ, ਕਾਂਸਾ ਤਗਮਾ ਅਤੇ ਚਾਂਦੀ ਦਾ ਤਗਮਾ ਜਿੱਤ ਕੇ ਰੋਪੜ ਜ਼ਿਲ੍ਹੇ ਦਾ ਨਾਮ ਦੇਸ਼ ਭਰ ਵਿਚ ਰੋਸ਼ਨ ਕੀਤਾ ਹੈ।
- # 14th Asian Shooting
- # Championship Winners
- # Welcome
- # Flowers
- # news
- # punjba
- # punjabijagran
