ਅਮਿਤ ਓਹਰੀ, ਫਗਵਾੜਾ : ਘਰ ਦੀ ਆਰਥਿਕ ਤੰਗੀ ਦੂਰ ਕਰਨ ਤੇ ਪੈਸੇ ਕਮਾ ਕੇ ਆਪਣੇ ਮਾਤਾ-ਪਿਤਾ ਦੇ ਹਰ ਸੁਪਨੇ ਨੂੰ ਪੂਰਾ ਕਰਨ ਦੀ ਚਾਹ 'ਚ ਵਿਦੇਸ਼ ਗਿਆ ਫਗਵਾੜਾ ਦੇ ਨਾਲ ਲੱਗਦੇ ਪਿੰਡ ਨਸੀਰਾਬਾਦ ਦਾ ਨੌਜਵਾਨ ਖੁਦ ਤਾਂ ਵਾਪਸ ਨਹੀਂ ਆਇਆ, ਪਰ 9 ਮਹੀਨੇ ਬਾਅਦ ਉਸ ਦੀ ਲਾਸ਼ ਘਰ ਪੁੱਜੀ। ਪਿੰਡ ਵਾਸੀਆਂ ਅਨੁਸਾਰ ਨਸੀਰਾਬਾਦ ਦੇ ਗਰੀਬ ਪਰਿਵਾਰ ਨਾਲ ਸਬੰਧਤ ਨੌਜਵਾਨ ਓਂਕਾਰ ਸਿੰਘ (27) ਪੁੱਤਰ ਸੁਰਿੰਦਰ ਸਿੰਘ ਘਰ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਦੇ ਮਕਸਦ ਨਾਲ 30 ਜੁਲਾਈ 2019 ਨੂੰ ਸਾਊਦੀ ਅਰਬ ਗਿਆ ਸੀ। ਉਹ ਉਥੇ ਇਕ ਕੰਪਨੀ 'ਚ ਕੰਮ ਕਰਦਾ ਸੀ। ਇਸ ਦੌਰਾਨ 14 ਨਵੰਬਰ 2019 ਨੂੰ ਕੰਮ ਕਰਦੇ ਵੇਲੇ ਅਚਾਨਕ ਇਕ ਮਸ਼ੀਨ ਬੰਦ ਹੋ ਗਈ, ਜਿਸ ਨੂੰ ਠੀਕ ਕਰਦੇ ਵੇਲੇ ਓਂਕਾਰ ਦੀਆਂ ਦੋਵੇਂ ਲੱਤਾਂ ਮਸ਼ੀਨ 'ਚ ਫਸ ਗਈਆਂ। ਇਲਾਜ ਦੌਰਾਨ 19 ਨਵੰਬਰ 2019 ਨੂੰ ਉਸ ਦੀ ਮੌਤ ਹੋ ਗਈ।

ਮੌਤ ਦੀ ਖ਼ਬਰ ਸੁਣ ਕੇ ਜਿਥੇ ਪਰਿਵਾਰ 'ਤੇ ਤਾਂ ਦੁੱਖਾਂ ਦਾ ਪਹਾੜ ਹੀ ਡਿੱਗ ਗਿਆ, ਉਥੇ ਹੀ ਪੁੱਤ ਦੀ ਲਾਸ਼ ਭਾਰਤ ਲਿਆਉਣ ਲਈ ਵੀ ਪਰਿਵਾਰ ਨੂੰ ਦਰ-ਦਰ ਭਟਕਣਾ ਪਿਆ, ਪਰ ਕਿਸੇ ਨੇ ਵੀ ਪਰਿਵਾਰ ਦੀ ਮਦਦ ਨਹੀਂ ਕੀਤੀ। ਪਰਿਵਾਰ ਲਈ ਇਕ-ਇਕ ਦਿਨ ਕੱਟਣ ਔਖਾ ਹੋ ਗਿਆ। ਆਖਰਕਾਰ 9 ਮਹੀਨੇ ਬਾਅਦ ਸ਼ਨਿਚਰਵਾਰ ਨੂੰ ਓਂਕਾਰ ਸਿੰਘ ਦੀ ਲਾਸ਼ ਪਿੰਡ ਪੁੱਜੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੂਰੇ ਰੀਤੀ-ਰਿਵਾਜ਼ਾਂ ਨਾਲ ਓਂਕਾਰ ਸਿੰਘ ਦਾ ਸਸਕਾਰ ਕੀਤਾ ਗਿਆ। ਮ੍ਰਿਤਕ ਓਂਕਾਰ ਸਿੰਘ ਦੇ ਚਾਚੇ ਦੇ ਮੁੰਡੇ ਨੇ ਦੱਸਿਆ ਕਿ ਓਂਕਾਰ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਪਰਿਵਾਰ ਦੀ ਹਰ ਤਰ੍ਹਾਂ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।

ਪਰਿਵਾਰ ਦਾ ਇਕਲੌਤਾ ਪੁੱਤਰ ਸੀ ਓਂਕਾਰ ਸਿੰਘ

ਓਂਕਾਰ ਸਿੰਗ ਪਿੰਡ ਨਸੀਰਾਬਾਦ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਦਾ ਇਕਲੌਤਾ ਪੁੱਤਰ ਸੀ। ਓਂਕਾਰ ਸਿੰਘ 'ਤੇ ਹੀ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਸੀ। ਉਹ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਸਕੇ ਤੇ ਮਾਤਾ-ਪਿਤਾ ਨੂੰ ਹਰ ਸੁਵਿਧਾ ਦੇ ਸਕੇ ਇਸ ਦੇ ਲਈ ਹੀ ਓਂਕਾਰ ਸਿੰਘ ਵਿਦੇਸ਼ ਗਿਆ ਸੀ। ਪਰ ਉਸ਼ ਦੇ ਮਾਤਾ-ਪਿਤਾ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦਾ ਬੇਟਾ ਫਿਰ ਕਦੇ ਨਹੀਂ ਆਵੇਗਾ।

Posted By: Seema Anand