ਪੰਜਾਬੀ ਜਾਗਰਣ ਟੀਮ,ਫਗਵਾੜਾ : ਸਿਆਣੇ ਆਖਦੇ ਹਨ ਕਿ ਪ੍ਰਮਾਤਮਾ ਜਿਸਦਾ ਦਾਨਾ ਪਾਣੀ ਜਿਥੇ ਲਿਖਦਾ ਹੈ ਉਸਨੂੰ ਉਥੇ ਜਾਣਾ ਹੀ ਪੈਂਦਾ ਹੈ। ਇਹ ਗਲ ਫਗਵਾੜਾ ਵਿਖੇ ਸੱਚ ਸਾਬਿਤ ਹੋਈ ਜਦੋ ਇਕ ਗਰਭਵਤੀ ਮਹਿਲਾ ਨੇ ਇਕ ਛੋਟੀ ਬੱਚੀ ਨੂੰ ਬੱਸ ਵਿਚ ਹੀ ਜਨਮ ਦੇ ਦਿਤਾ।ਜੱਚਾ ਬੱਚਾ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਦੋਵੇ ਸਹੀ ਸਲਾਮਤ ਹਨ। ਦਰਅਸਲ ਉਕਤ ਮਹਿਲਾ ਸ਼ਿਵਾਨੀ ਪਤਨੀ ਅਸ਼ਵੀਰ ਵਾਸੀ ਲੁਧਿਆਣਾ ਜੋ ਕਿ ਗਰਭਵਤੀ ਸੀ ਤੇ ਗਰਭਵਤੀ ਹਾਲਤ ਵਿੱਚ ਹੀ ਸਰਕਾਰੀ ਬੱਸ ਵਿੱਚ ਜਲੰਧਰ ਤੋਂ ਲੁਧਿਆਣਾ ਜਾ ਰਹੇ ਸਨ ਕਿ ਫਗਵਾੜਾ ਬਸ ਸਟੈਂਡ ਵਿਖੇ ਉਕਤ ਮਹਿਲਾ ਨੇ ਬਸ ਵਿੱਚ ਹੀ ਬੱਚੀ ਨੂੰ ਜਨਮ ਦੇ ਦਿੱਤਾ।

ਇਸ ਸਬੰਧੀ ਗੱਲਬਾਤ ਕਰਦਿਆਂ ਪੀ.ਆਰ.ਟੀ.ਸੀ ਵਿਭਾਗ ਦੀ ਬਸ ਦੇ ਕੰਡੈਕਟਰ ਅਤੇ ਅੱਡਾ ਇੰਚਾਰਜ ਨੇ ਦੱਸਿਆ ਕਿ ਉਕਤ ਮਹਿਲਾ ਦੇ ਜਲੰਧਰ ਆਉਂਦੇ ਹੋਏ ਰਾਸਤੇ ਵਿੱਚ ਹੀ ਦਰਦਾਂ ਸ਼ੁਰੂ ਹੋ ਗਈਆਂ ਸਨ ਤੇ ਜਦੋਂ ਉਹ ਫਗਵਾੜਾ ਬਸ ਸਟੈਂਡ ਵਿਖੇ ਪਹੁੰਚੇ ਤਾਂ ਉਕਤ ਮਹਿਲਾ ਨੇ ਬਸ ਵਿੱਚ ਬੱਚੀ ਨੂੰ ਜਨਮ ਦੇ ਦਿੱਤਾ। ਉਨ੍ਹਾਂ ਕਿਹਾ ਕਿ ਬਸ ਵਿੱਚ ਸਿਹਤ ਵਿਭਾਗ ਦੀ ਮਹਿਲਾ ਮੌਜੂਦ ਸੀ ਜਿਸ ਦੀ ਮਦਦ ਨਾਲ ਬਸ ਵਿੱਚ ਮਹਿਲਾ ਦੀ ਡਿਲੀਵਰੀ ਹੋ ਗਈ। ਜਿਸ ਤੋਂ ਬਾਅਦ ਡਾਇਲ 108 ਦੀ ਮਦਦ ਨਾਲ ਉਕਤ ਮਹਿਲਾ ਤੇ ਉਸ ਦੀ ਬੱਚੀ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਿਲ ਕਰਵਾਇਆ ਗਿਆ।ਉਧਰ ਇਸ ਦੀ ਸੂਚਨਾਂ ਮਿਲਦੇ ਸਾਰ ਹੀ ਡਾਇਲ 108 ਐਂਬੂਲੈਂਸ ਬਸ ਸਟੈਂਡ ਵਿਖੇ ਪਹੁੰਚ ਗਈ ਜਿਥੇ ਕਿ ਐਂਬੂਲੈਂਸ ਵਿੱਚ ਸਵਾਰ ਸਟਾਫ ਵੱਲੋਂ ਮਹਿਲਾ ਤੇ ਉਸ ਦੀ ਬੱਚੀ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਿਲ ਕਰਵਾਇਆ ਗਿਆ।ਇਸ ਬਾਬਤ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ ਕਮਲ ਕਿਸ਼ੋਰ ਨੇ ਦੱਸਿਆ ਕਿ ਬੱਚੀ ਨੂੰ ਜਨਮ ਦੇਣ ਵਾਲੀ ਮਹਿਲਾ ਦਾ ਨਾਮ ਸ਼ਿਵਾਨੀ ਹੈ ਤੇ ਉਹ ਲੁਧਿਆਣਾ ਦੀ ਰਹਿਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਉਕਤ ਮਹਿਲਾ ਤੇ ਉਸ ਦੇ ਬੱਚੇ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ ਤੇ ਫਿਲਹਾਲ ਬੱਚੀ ਅਤੇ ਉਸ ਦੀ ਮਾਂ ਦੋਵੇਂ ਹੀ ਪੂਰੀ ਤਰਾਂ ਨਾਲ ਠੀਕ ਠਾਕ ਹਨ।

Posted By: Seema Anand