ਹਰੀਸ਼ ਭੰਡਾਰੀ,ਫਗਵਾੜਾ : ਅੱਜ ਤੜਕਸਾਰ ਲਗਪਗ 2.30 ਵਜੇ ਮੁਰਗੀਆਂ ਦੀ ਫੀਡ ਨਾਲ ਭਰਿਆ ਛੇ ਟਾਇਰੀ ਟਰੱਕ ਅਚਾਨਕ ਜਲੰਧਰ-ਫਗਵਾੜਾ ਕੌਮੀ ਮਾਰਗ 'ਤੇ ਸਥਿਤ ਪਿੰਡ ਨੰਗਲ ਸਪਰੋੜ ਲਾਗੇ ਬੌਨ ਮਿੱਲ ਪਾਸਿਓਂ ਗੁਜ਼ਰਦੇ ਸਮੇਂ ਬੇਕਾਬੂ ਹੋ ਕੇ ਪਲਟ ਗਿਆ। ਹਾਈਵੇ ਦੀ ਪੂਰੀ ਆਵਾਜਾਈ ਬੁਰੀ ਤਰਾਂ ਪ੍ਭਾਵਿਤ ਹੋ ਗਈ ਤੇ ਘੰਟਿਆਬੱਧੀ ਜਾਮ ਲੱਗਣ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਟਰੱਕ ਜਲੰਧਰ ਤੋਂ ਫਗਵਾੜਾ ਵੱਲ ਜਾ ਰਿਹਾ ਸੀ।

ਟਰੱਕ ਪਲਟਣ ਦੀ ਸੂਚਨਾ ਮਿਲਣ 'ਤੇ ਫਗਵਾੜਾ ਦੀ ਚਹੇੜੂ ਪੁਲਿਸ ਮੌਕੇ 'ਤੇ ਪਹੁੰਚੀ ਤੇ ਹਾਈਵੇਅ 'ਤੇ ਮੁੜ ਆਵਾਜਾਈ ਬਹਾਲ ਕਰਵਾਉਣ ਲਈ ਕਰੇਨਾਂ ਦੀ ਮਦਦ ਨਾਲ ਟਰੱਕ ਅਤੇ ਫੀਡ ਨੂੰ ਸੜਕ ਤੋਂ ਇਕ ਸਾਈਡ 'ਤੇ ਕਰਵਾਇਆ। ਬਾਵਜੂਦ ਇਸ ਦੇ ਕਾਫ਼ੀ ਲੰਬਾ ਸਮਾਂ ਟ੍ਰੈਫਿਕ ਜਾਮ ਰਿਹਾ ਅਤੇ ਇਸ ਰੋਡ ਤੋਂ ਆਉਣ-ਜਾਣ ਵਾਲਿਆਂ ਨੂੰ ਪਰੇਸ਼ਾਨੀ ਝੱਲਣੀ ਪਈ। ਕਾਬਿਲੇ ਗੌਰ ਹੈ ਕਿ ਇੱਥੇ ਨਜ਼ਦੀਕ ਹੀ ਲਵਲੀ ਪੋ੍ਫੈਸ਼ਲ ਯੂਨੀਵਰਸਿਟੀ ਹੋਣ ਕਰਕੇ ਇਸ ਰੋਡ ਤੋਂ ਸਵੇਰ ਵੇਲੇ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਫੈਕਲਟੀ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।

ਜਾਣਕਾਰੀ ਅਨੁਸਾਰ ਟਰੱਕ ਪਲਟਣ ਤੋਂ ਬਾਅਦ ਟਰੱਕ ਦਾ ਡਰਾਈਵਰ ਉੱਥੋਂ ਫ਼ਰਾਰ ਹੋ ਗਿਆ ਪਰ ਘਟਨਾ ਵਾਲੀ ਜਗ੍ਹਾ 'ਤੇ ਟਰੱਕ ਨੇੜੇ ਮੌਜੂਦ ਰਹੇ ਉਸ ਦੇ ਕਲੀਂਡਰ ਦਾ ਕਹਿਣਾ ਸੀ ਕਿ ਟਰੱਕ ਡਰਾਈਵਰ ਸਿਵਲ ਹਸਪਤਾਲ ਫਗਵਾੜਾ ਵਿਖੇ ਇਲਾਜ ਅਧੀਨ ਹੈ। ਖਬਰ ਲਿਖੇ ਜਾਣ ਤਕ ਟਰੱਕ ਦਾ ਕੋਈ ਵਾਲੀ ਵਾਰਸ ਜਾਂ ਮਾਲਿਕ ਮੌਕੇ 'ਤੇ ਨਹੀਂ ਪੁੱਜਾ ਸੀ।

Posted By: Seema Anand