ਯਤਿਨ ਸ਼ਰਮਾ, ਫਗਵਾੜਾ : ਮੰਗਲਵਾਰ ਸਵੇਰੇ 6 ਤੋਂ 7 ਵਜੇ ਦੇ ਵਿਚਕਾਰ ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ 'ਤੇ ਪਿੰਡ ਚਹੇੜੂ ਨਜ਼ਦੀਕ ਲੁਧਿਆਣਾ ਤੋਂ ਜਲੰਧਰ ਵੱਲ ਨੂੰ ਤੇਜ਼ ਰਫ਼ਤਾਰ ਨਾਲ ਜਾ ਰਿਹਾ ਇਕ ਟਰੱਕ ਡਿਵਾਈਡਰ ਟੱਪ ਕੇ ਜਲੰਧਰ ਤੋਂ ਫਗਵਾੜਾ ਵੱਲ ਜਾ ਰਹੀ ਇਕ ਮਰੂਤੀ ਕਾਰ ਨਾਲ ਜਾ ਟਕਰਾਇਆ। ਕਾਰ ਪਲਟ ਗਈ ਅਤੇ ਉਸ ਵਿਚ ਸਵਾਰ ਇੱਕੋ ਹੀ ਪਰਿਵਾਰ ਦੇ ਚਾਰ ਮੈਂਬਰ ਜਿਨ੍ਹਾਂ ਵਿਚ ਦੋ ਬੱਚੇ ਵੀ ਸਨ, ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ 'ਤੇ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਟਰੱਕ ਦਾ ਨੰਬਰ ਪੀਬੀ06 ਏਕੇ 0194 ਅਤੇ ਕਾਰ ਦਾ ਨੰਬਰ ਪੀ.ਬੀ.11 ਐਸ 0332 ਹੈ।

ਜ਼ਖ਼ਮੀਆਂ ਦੀ ਪਛਾਣ ਅਨਿਲ ਵਰਮਾ (35) ਪੁੱਤਰ ਲਲਿਤ ਵਰਮਾ, ਪਤਨੀ ਰੀਨਾ ਵਰਮਾ (30) ਤੇ ਦੋ ਬੱਚਿਆਂ, ਗਣਿਕਾ (8) ਤੇ ਯਸ਼ਿਕਾ ਵਰਮਾ (3) ਦੇ ਰੂਪ ਵਿਚ ਹੋਈ ਹੈ। ਕਾਰ ਚਾਲਕ ਅਨਿਲ ਵਰਮਾ ਨੇ ਦੱਸਿਆ ਕਿ ਉਹ ਜਲੰਧਰ ਤੋਂ ਨਵਾਂਸ਼ਹਿਰ ਵੱਲ ਜਾ ਰਹੇ ਸਨ ਕਿ ਲਵਲੀ ਯੂਨਿਵਰਸਿਟੀ ਨਜ਼ਦੀਕ ਇਕ ਤੇਜ਼ ਰਫਤਾਰ ਟਰੱਕ ਸਾਹਮਣਿਓਂ ਉਨ੍ਹਾਂ ਦੀ ਕਾਰ ਵਿਚ ਆ ਕੇ ਵੱਜਾ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਨਸ਼ੇ ਦੀ ਹਾਲਤ ਵਿਚ ਸੀ ਜਿਸ ਕਰ ਕੇ ਸ਼ਾਇਦ ਇਹ ਹਾਦਸਾ ਹੋਇਆ। ਅਨਿਲ ਦੇ ਮਾਮੂਲੀ ਸੱਟਾਂ ਵੱਜੀਆਂ ਹਨ ਜਦਕਿ ਉਸ ਦੀ ਪਤਨੀ ਤੇ ਬੱਚੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਖ਼ਬਰ ਲਿਖੇ ਜਾਣ ਤਕ ਅਨਿਲ ਕੁਮਾਰ ਦੀ ਪਤਨੀ ਰੀਨਾ ਅਤੇ ਬੱਚੇ ਸਿਵਲ ਹਸਪਤਾਲ 'ਚ ਇਲਾਜ ਅਧੀਨ ਸਨ।

Posted By: Seema Anand