ਹਰਮੇਸ਼ ਸਰੋਆ, ਫਗਵਾੜਾ: ਫਗਵਾੜਾ ਦੇ ਲਾਗਲੇ ਪਿੰਡ ਪਾਂਸ਼ਟਾ ਵਿਖੇ ਹੋਏ ਗੋਲ਼ੀਕਾਂਡ 'ਚ ਥਾਣਾ ਰਾਵਲਪਿੰਡੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਪੁਲਿਸ ਵਲੋਂ ਇਸ ਮਾਮਲੇ 'ਚ ਨਾਮਜ਼ਦ 2 ਨੌਜਵਾਨਾਂ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਐੱਸਐੱਚਓ ਜਤਿੰਦਰ ਕੁਮਾਰ ਥਾਣਾ ਰਾਵਲਪਿੰਡੀ ਨੇ ਦੱਸਿਆ ਕਿ ਪਿੰਡ ਪਾਂਸ਼ਟਾ ਵਿਖੇ ਪੁਰਾਣੀ ਰੰਜ਼ਿਸ਼ ਦੇ ਚਲਦਿਆਂ ਚੱਲੀ ਗੋਲ਼ੀ ਨਾਲ ਜ਼ਖ਼ਮੀ ਹੋਏ ਸਤਪਾਲ ਪੁੱਤਰ ਬ੍ਰਿਜ ਲਾਲ ਵਾਸੀ ਮੁਹੱਲਾ ਮਾਡਲ ਟਾਊਨ ਪਾਂਸ਼ਟਾ ਦੇ ਬਿਆਨਾਂ ਦੇ ਆਧਾਰ 'ਤੇ ਐੱਸਆਈ ਤਰਲੋਚਨ ਸਿੰਘ ਵੱਲੋਂ ਕਾਰਵਾਈ ਕਰਦੇ ਹੋਏ ਗੋਪਾਲ ਪੁੱਤਰ ਹੰਸਰਾਜ ਅਤੇ ਸਾਹਿਲ ਪੁੱਤਰ ਮਨਦੀਪ ਕੁਮਾਰ ਵਾਸੀ ਪਾਂਸ਼ਟਾ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੇ ਚਲਦਿਆਂ ਪੁਲਿਸ ਵਲੋਂ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਜਿਨ੍ਹਾਂ ਕੋਲੋ ਪੁਲਿਸ ਨੇ ਇਕ 315 ਬੌਰ ਦਾ ਦੇਸੀ ਕੱਟਾ ਅਤੇ 03 ਜ਼ਿੰਦਾ ਰੋਂਦ ਅਤੇ ਇਕ ਮੋਟਰਸਾਈਕਲ ਬਰਾਮਦ ਕੀਤੇ ਹਨ।

ਸਤਪਾਲ ਪੁੱਤਰ ਬ੍ਰਿਜ ਕੁਮਾਰ ਵਾਸੀ ਪਾਂਸ਼ਟਾ ਨੇ ਦੱਸਿਆ ਕਿ ਉਸ ਦਾ ਪਾਂਸ਼ਟਾ ਦੇ ਮਾਡਲ ਟਾਊਨ ਵਿਖੇ ਲੱਕੜ ਦਾ ਟਾਲ ਹੈ ਤੇ ਉਸ ਦਾ ਪਿੰਡ ਦੇ ਹੀ ਗੋਪਾਲ ਪੁੱਤਰ ਹੰਸ ਰਾਜ ਅਤੇ ਸਾਹਿਲ ਪੁੱਤਰ ਰਾਣਾ ਨਾਲ ਪੁਰਾਣੀ ਰੰਜਿਸ਼ ਸੀ ਤੇ ਇਸੇ ਹੀ ਰੰਜਿਸ਼ ਦੇ ਚੱਲਦਿਆ ਉਨ੍ਹਾਂ ਦੋਵਾਂ ਨਾਲ ਉਸ ਦਾ ਝਗੜਾ ਹੋ ਗਿਆ ਤੇ ਇਸ ਝਗੜੇ ਦੋਰਾਨ ਉਨ੍ਹਾਂ ਦੋਵਾਂ ਨੇ ਉਸ ਉਪਰ ਗੋਲ਼ੀ ਚਲਾ ਦਿੱਤੀ। ਜੋ ਕਿ ਉਸ ਦੇ ਹੱਥ ਵਿੱਚ ਲੱਗੀ ।ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ।ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿੱਥੇ ਕਿ ਉਹ ਜ਼ੇਰੇ ਇਲਾਜ ਹੈ। ਐੱਸਐੱਚਓ ਨੇ ਦਸਿਆ ਕਿ ਪੁਲਿਸ ਵਲੋਂ ਦੋਵੇਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ ਅਤੇ ਮੁਲਜ਼ਮਾਂ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

Posted By: Shubham Kumar