ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ : ਪੰਜਾਬ 'ਚ ਸ਼ਨਿਚਰਵਾਰ ਨੂੰ 8 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਕਪੂਰਥਲਾ 'ਚ 5, ਮੋਗਾ 'ਚ 2 ਤੇ ਲੁਧਿਆਣਾ 'ਚ 1 ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਸੂਬੇ 'ਚ ਕੁੱਲ ਗਿਣਤੀ 2011 ਹੋ ਗਈ ਹੈ ਤੇ ਹੁਣ ਤਕ 305 ਮੌਤਾਂ ਹੋ ਚੁੱਕੀਆਂ ਹਨ। ਲੁਧਿਆਣਾ 'ਚ ਸਾਹਮਣੇ ਆਇਆ ਪਾਜ਼ੇਟਿਵ ਮਰੀਜ਼ ਵੀ ਇਕ ਟਾਇਰ ਫੈਕਟਰੀ ਦਾ ਮੁਲਾਜ਼ਮ ਹੈ।

ਕਪੂਰਥਲਾ 'ਚ 5 ਨਵੇਂ ਪਾਜ਼ੇਟਿਵ ਮਾਮਲੇ

ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਕਪੂਰਥਲਾ ਜ਼ਿਲ੍ਹੇ 'ਚ ਅੱਜ 5 ਨਵੇਂ ਮਾਮਲੇ ਸਾਹਮਣੇ ਆਏ ਹਨ। 13 ਮਈ ਨੂੰ ਦੁਬਈ ਤੋਂ ਪਰਤੇ ਲੋਕਾਂ 'ਚੋਂ 4 ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦਕਿ ਇਕ ਕੇਸ ਫਗਵਾੜਾ ਨਾਲ ਸਬੰਧਿਤ ਹੈ। ਸਿਹਤ ਵਿਭਾਗ ਨੇ ਇਹਨਾਂ ਨੂੰ ਕਪੂਰਥਲਾ ਦੇ ਕਾਲਜ 'ਚ ਕੁਆਰੰਟਾਈਨ ਕੀਤਾ ਸੀ। ਇਨ੍ਹਾਂ ਸਾਰੇ ਯਾਤਰੀਆਂ ਨੂੰ ਖਾਸੀ ਤੇ ਜ਼ੁਕਾਮ ਦੀ ਸ਼ਿਕਾਇਤ ਸੀ। ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ। ਜ਼ਿਲ੍ਹੇ ਵਿੱਚ ਕੋਰੋਨਾ ਪਾਜ਼ੇਟਿਵ ਮਰੀਜਾਂ ਦਾ ਅੰਕੜਾ ਹੁਣ 31 ਹੋ ਗਿਆ ਹੈ ਜਦਕਿ 27 ਐਕਟਿਵ ਕੇਸ ਹਨ, 4 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ 2 ਦੀ ਮੌਤ ਹੋ ਚੁੱਕੀ ਹੈ।

ਮੋਗਾ 'ਚ ਦੋ ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਸਾਹਮਣੇ

ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਮੋਗਾ 'ਚ ਦੋ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਇਕ ਵਾਰ ਫਿਰ ਸਹਿਮ ਦਾ ਮਾਹੌਲ ਬਣ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੁੱਲ ਗਿਣਤੀ 60 ਹੋ ਗਈ ਹੈ। ਮੋਗਾ ਦੇ ਸਿਵਲ ਸਰਜਨ ਆਦੇਸ਼ ਕੰਗ ਨੇ ਦੱਸਿਆ ਕਿ ਇਹ ਦੋ ਨਵੇਂ ਕੇਸ ਵੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂ ਹੀ ਹਨ ਜਿਨ੍ਹਾਂ ਨੂੰ ਪਹਿਲਾਂ ਹੀ ਜਲਾਲਬਾਦ ਵਿਖੇ ਇਕਾਂਤਵਾਸ 'ਚ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋ ਕੇਸਾਂ 'ਚੋਂ ਇਕ ਕੋਟ ਈਸੇ ਖਾਂ ਦੇ ਪਿੰਡ ਗਲੋਟੀ ਦਾ ਵਿਅਕਤੀ ਹੈ ਅਤੇ ਦੂਜਾ ਗਿੱਲ ਰੋਡ ਮਸਗਾ ਤੋਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਮੋਗਾ ਵਿਖੇ ਆਈਸੋਲੇਟ ਵਾਰਡ 'ਚ ਸ਼ਿਫਟ ਕੀਤਾ ਗਿਆ ਹੈ।

Posted By: Seema Anand