ਪੰਜਾਬੀ ਜਾਗਰਣ ਕੇਂਦਰ, ਫਗਵਾੜਾ : ਫਗਵਾੜਾ ਦੇ ਮੁਹੱਲਾ ਸਤਿਕਰਤਾਰੀਆਂ (ਚੌੜਾ ਖੂਹ ਮੰਦਰ) ਵਿਖੇ ਰਹਿਣ ਵਾਲੇ ਇਕ ਪਰਿਵਾਰ ਦੇ ਉੱਪਰ ਕੁਦਰਤ ਨੇ ਆਪਣਾ ਕਹਿਰ ਬਰਪਾ ਦਿੱਤਾ ਜਿਸ ਦੇ ਚੱਲਦਿਆਂ ਮਾਂ ਤੇ ਬੇਟੀ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਬੀਤੀ ਰਾਤ ਜਿਵੇਂ ਹੀ ਮੌਸਮ ਨੇ ਆਪਣਾ ਰੰਗ ਬਦਲਿਆ ਤਾਂ ਉਸੇ ਵੇਲੇ ਫਗਵਾੜਾ ਦੇ ਮੁਹੱਲਾ ਸਤਿਕਰਤਾਰੀਆਂ ਵਿਖੇ ਇਕ ਮਕਾਨ ਦੇ ਉੱਪਰ ਅਸਮਾਨ ਤੋਂ ਬਿਜਲੀ ਡਿੱਗ ਪਈ। ਮਕਾਨ ਦੀ ਉਪਰਲੀ ਮੰਜ਼ਿਲ 'ਤੇ ਬਿਜਲੀ ਨੇ ਕਹਿਰ ਬਰਪਾਉਂਦੇ ਹੋਏ ਮਕਾਨ ਦੀ ਛੱਤ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ। ਕਮਰੇ ਅੰਦਰ ਇੱਕੋ ਪਰਿਵਾਰ ਦੇ ਚਾਰ ਜੀਅ ਸੁੱਤੇ ਪਏ ਸਨ ਜਿਨ੍ਹਾਂ ਵਿਚ ਪਰਿਵਾਰ ਦਾ ਮੁਖੀ ਜੈ ਪ੍ਰਕਾਸ਼ (32), ਉਸ ਦੀ ਪਤਨੀ ਸਵਿਤਾ (28), ਦੋ ਬੇਟੀਆਂ ਮਾਹੀ (8) ਤੇ ਪ੍ਰੀਆ (5) ਸ਼ਾਮਲ ਸਨ।

ਮਕਾਨ ਦੇ ਥੱਲੇ ਵਾਲੀ ਮੰਜ਼ਿਲ 'ਚ ਮਕਾਨ ਮਾਲਕਣ ਤੇ ਉਸ ਦੀ ਬੇਟੀ ਸੁੱਤੀਆਂ ਪਈਆਂ ਸਨ। ਰਾਤ ਦੇ ਕਰੀਬ 12 ਵੱਜੇ ਹੋਏ ਸਨ। ਉਸ ਵੇਲੇ ਜਦੋਂ ਕੁਦਰਤ ਨੇ ਆਪਣਾ ਕਹਿਰ ਬਰਪਾਇਆ ਤਾਂ ਆਲੇ-ਦੁਆਲੇ ਦੇ ਲੋਕਾਂ ਨੇ ਮਕਾਨ ਉੱਪਰਲੀ ਮੰਜ਼ਿਲ 'ਤੇ ਬਿਜਲੀ ਡਿੱਗਣ ਤੋਂ ਬਾਅਦ ਜਦੋਂ ਛੱਤ ਡਿੱਗ ਪਈ ਦਾ ਉੱਪਰ ਸੁੱਤੇ ਪਏ ਪਰਿਵਾਰ ਦੇ ਚਾਰਾਂ ਮੈਂਬਰਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ। ਡਾਕਟਰਾਂ ਨੇ ਉਨ੍ਹਾਂ ਚਾਰਾਂ 'ਚੋਂ ਮਾਂ ਸਵਿਤਾ ਤੇ ਵੱਡੀ ਬੇਟੀ ਮਾਹੀ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਰਦ ਭਰੀ ਘਟਨਾ ਦੀ ਸੂਚਨਾ ਜਿਵੇਂ ਹੀ ਪੂਰੇ ਸ਼ਹਿਰ 'ਚ ਫੈਲੀ, ਮਾਹੌਲ ਗ਼ਮਗੀਨ ਹੋ ਗਿਆ। ਮਾਮਲੇ ਸਬੰਧੀ ਪ੍ਰਸ਼ਾਸਨ ਨੂੰ ਸੂਚਨਾ ਦੇ ਦਿੱਤੀ ਗਈ ਹੈ।

Posted By: Ravneet Kaur