ਜੇਐੱਨਐੱਨ, ਜਲੰਧਰ : ਗੁਰੂ ਨਾਨਕ ਆਟੋ ਇੰਟਰਪ੍ਰਾਈਜ਼ਿਜ਼, ਜਮਾਲਪੁਰ ਦੇ ਸੰਚਾਲਕ ਗੁਰਿੰਦਰ ਸਿੰਘ ਨੇ ਮੰਗਲਵਾਰ ਰਾਤ ਦੋ ਵਜੇ ਪਿੰਡ ਵਿਰਕਾ 'ਚ ਆਪਣੇ ਫਾਰਮ ਹਾਊਸ 'ਚ ਸਿਰ 'ਚ ਗੋਲ਼ੀ ਮਾਰ ਲਈ। ਗੰਭੀਰ ਹਾਲਤ 'ਚ ਉਨ੍ਹਾਂ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਡਾ. ਬੀਐੱਸ ਜੌਹਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਰੀਬ ਸਾਢੇ 12 ਵਜੇ ਗੁਰਿੰਦਰ ਸਿੰਘ ਨੇ ਦਮ ਤੋਡ਼ ਦਿੱਤਾ। ਉਨ੍ਹਾਂ ਦੇ ਦੋ ਬੱਚੇ ਇਕ ਪੁੱਤਰ ਤੇ ਇਕ ਧੀ ਹਨ। ਪਰਿਵਾਰਕ ਮੈਂਬਰ ਪਹਿਲਾਂ ਗੁਰਿੰਦਰ ਨੂੰ ਫਗਵਾਡ਼ੇ ਲੈ ਗਏ ਸੀ, ਫਿਰ ਜਲੰਧਰ ਦੇ ਜੌਹਲ ਹਸਪਤਾਲ ਲਿਆਏ ਸਨ।

ਪਿੰਡ ਵਿਰਕਾ ਜਲੰਧਰ ਦੇ ਥਾਣਾ ਗੁਰਾਇਆ ਤਹਿਤ ਆਉਂਦਾ ਹੈ। ਪਤਾ ਲੱਗਿਆ ਹੈ ਕਿ ਪਰਿਵਾਰਕ ਮੈਂਬਰਾਂ ਦਾ ਚੰਡੀਗਡ਼੍ਹ 'ਚ ਬੁੱਧਵਾਰ ਨੂੰ ਇਕ ਪ੍ਰੋਗਰਾਮ ਹੋਣਾ ਸੀ ਜਿਸ ਵਿਚ ਸ਼ਾਮਲ ਹੋਣ ਲਈ ਗੁਰਿੰਦਰ ਨੇ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ।

ਰਾਤ ਕਰੀਬ ਦੋ ਵਜੇ ਮਾਰੀ ਖ਼ੁਦ ਨੂੰ ਗੋਲ਼ੀ

ਘਟਨਾ ਤੋਂ ਬਾਅਦ ਜਾਂਚ ਲਈ ਪੁੱਜੇ ਦੁਸਾਂਝ ਕਲਾਂ ਚੌਕੀ ਇੰਚਾਰਜ ਏਐੱਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਗੁਰਿੰਦਰ ਨੇ ਕਰੀਬ ਰਾਤ ਦੋ ਵਜੇ ਖ਼ੁਦ ਨੂੰ ਗੋਲ਼ੀ ਮਾਰੀ। ਰਾਤ ਨੂੰ ਹੀ ਉਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਫਗਵਾਡ਼ਾ ਲਿਜਾਇਆ ਗਿਆ ਸੀ। ਹਾਲਤ ਗੰਭੀਰ ਹੋਣ 'ਤੇ ਜਲੰਧਰ ਦੇ ਜੌਹਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਗੁਰਿੰਦਰ ਦੇ 12 ਸਾਲ ਦਾ ਪੁੱਤਰ ਤੇ 6 ਸਾਲ ਦੀ ਧੀ ਹੈ। ਵਿਆਹ ਨੂੰ 14 ਸਾਲ ਹੋ ਚੁੱਕੇ ਹਨ।

ਦੇਰ ਰਾਤ ਹੋਏ ਘਰੇਲੂ ਝਗਡ਼ੇ ਤੋਂ ਬਾਅਦ ਚੁੱਕਿਆ ਖ਼ੌਫ਼ਨਾਕ ਕਦਮ

ਏਐੱਸਆਈ ਚਰਨਜੀਤ ਸਿੰਘ ਮੁਤਾਬਿਕ ਅਗਲੇ ਦੋ-ਤਿੰਨ ਦਿਨਾਂ 'ਚ ਗੁਰਿੰਦਰ ਦੇ ਤਾਏ ਦੀ ਪੋਤੀ ਦਾ ਵਿਆਹ ਹੈ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੇਰ ਰਾਤ ਇਕ-ਡੇਢ ਵਜੇ ਕਿਸੇ ਗੱਲ ਤੋਂ ਘਰ ਵਿਚ ਝਗਡ਼ਾ ਹੋਇਆ ਸੀ। ਇਸ ਤੋਂ ਬਾਅਦ ਗੁਰਿੰਦਰ ਨੇ ਆਪਣੇ ਕਮਰੇ 'ਚ ਜਾ ਕੇ ਗੋਲ਼ੀ ਮਾਰ ਲਈ। ਮਾਮਲੇ 'ਚ ਫਿਲਹਾਲ ਕਿਸੇ ਦੇ ਅਧਿਕਾਰਤ ਬਿਆਨ ਦਰਜ ਨਹੀਂ ਹੋਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Posted By: Seema Anand