ਯਤਿਨ ਸ਼ਰਮਾ, ਫਗਵਾੜਾ : ਫਗਵਾੜਾ ਦੇ ਆਦਰਸ਼ ਨਗਰ ਵਿਚ ਸ਼ਨਿਚਰਵਾਰ ਸਵੇਰੇ ਇਲਾਕੇ ਦੇ ਲੋਕਾਂ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਬਜ਼ੁਰਗ ਔਰਤ ਦੇ ਕਤਲ ਹੋਣ ਦੀ ਜਾਣਕਾਰੀ ਇਲਾਕੇ ਵਿਚ ਅੱਗ ਵਾਂਗ ਫੈਲ ਗਈ। ਫਗਵਾੜਾ ਦੇ ਸਤਨਾਮਪੁਰਾ ਥਾਣਾ ਨੇੜੇ ਆਦਰਸ਼ ਨਗਰ ਦੇ ਇਕ ਘਰ ਵਿਚ ਰਹਿੰਦੀ ਬਜ਼ੁਰਗ ਔਰਤ (57) ਆਪਣੇ ਘਰ ਦੀ ਉੱਪਰਲੀ ਮੰਜ਼ਿਲ 'ਤੇ ਰਹਿੰਦੀ ਸੀ ਅਤੇ ਹੇਠਾ ਕਿਰਾਏਦਾਰ ਰੱਖੇ ਹੋਏ ਸਨ। ਮ੍ਰਿਤਕ ਔਰਤ ਦੀ ਪਛਾਣ ਸਤਨਾਮ ਕੌਰ ਪਤਨੀ ਸਵ. ਬਲਦੇਵ ਸਿੰਘ ਵਜੋਂ ਹੋਈ ਹੈ।

ਕਿਰਾਏਦਾਰ ਸੰਦੀਪ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਘਰ ਦੇਰੀ ਨਾਲ ਆਉਣ ਕਾਰਨ ਸੌਂ ਗਿਆ ਸੀ। ਸਵੇਰੇ ਉੱਠਣ ਤੋਂ ਬਾਅਦ ਅਖਬਾਰ ਲੈ ਕੇ ਜਦੋਂ ਉਹ ਉੱਪਰ ਗਿਆ ਤਾਂ ਦੇਖਿਆ ਕਿ ਸਤਨਾਮ ਕੌਰ ਦੇ ਕਮਰੇ ਦਾ ਟੀਵੀ ਚੱਲ ਰਿਹਾ ਸੀ ਅਤੇ ਕਮਰੇ ਵਿਚ ਕੱਪੜੇ ਖਿੱਲਰੇ ਹੋਏ ਸਨ। ਉਸ ਦੇ ਗਲ਼ੇ ਵਿਚ ਪਰਨਾ ਬੱਝਿਆ ਹੋਇਆ ਸੀ। ਸੰਦੀਪ ਕੁਮਾਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਫਗਵਾੜਾ ਐੱਸਪੀ ਮਨਦੀਪ ਸਿੰਘ, ਐੱਸਐੱਚਓ ਸਤਨਾਮਪੁਰਾ ਉਂਕਾਰ ਸਿੰਘ ਨੇ ਮੌਕੇ 'ਤੇ ਪੁੱਜ ਕੇ ਪੂਰੇ ਮਾਮਲੇ ਦੀ ਜਾਣਕਾਰੀ ਲਈ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

ਐੱਸਪੀ ਮਨਦੀਪ ਸਿੰਘ ਨੇ ਦੱਸਿਆ ਕਿ ਔਰਤ ਦੇ ਗਲ਼ੇ ਨੂੰ ਕੱਪੜੇ ਨਾਲ ਘੁੱਟ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਵੱਖ-ਵੱਖ ਪਹਿਲੂਆਂ ਤੋਂ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫ਼ੁਟੇਜ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪੁਲਿਸ ਦੋਸ਼ੀਆਂ ਤਕ ਪਹੁੰਚ ਜਾਵੇਗੀ।

ਪਤੀ ਤੇ ਇਕ ਪੁੱਤਰ ਦੀ ਹੋ ਚੁੱਕੀ ਹੈ ਮੌਤ

ਦੱਸਿਆ ਜਾਂਦਾ ਹੈ ਕਿ ਮ੍ਰਿਤਕ ਔਰਤ ਦਾ ਇਕ ਪੁੱਤਰ ਕੈਨੇਡਾ 'ਚ ਰਹਿੰਦਾ ਹੈ ਅਤੇ ਦੂਸਰੇ ਪੁੱਤਰ ਤੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਓਧਰ ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਔਰਤ ਰੋਜ਼ਾਨਾ ਸ਼ਾਮ 5 ਵਜੇ ਪਾਰਕ 'ਚ ਸੈਰ ਕਰਨ ਆਉਂਦੀ ਹੁੰਦੀ ਸੀ ਪਰ ਕੱਲ੍ਹ ਦੁਪਹਿਰੋਂ ਬਾਅਦ ਆਂਟੀ ਨੂੰ ਨਾ ਹੀ ਘਰ ਤੇ ਪਾਰਕ ਦੇ ਆਲੇ-ਦੁਆਲੇ ਦੇਖਿਆ ਗਿਆ। ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਪੱਤਾ ਲੱਗ ਸਕਦਾ ਹੈ ਕਿ ਘਟਨਾ ਨੂੰ ਅੰਜਾਮ ਕਦੋਂ ਦਿੱਤਾ ਗਿਆ ਹੈ। ਐੱਸਐੱਚਓ ਓਂਕਾਰ ਸਿੰਘ ਨੇ ਦੱਸਿਆ ਕਿ ਅਜੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Posted By: Seema Anand