ਵਿਜੇ ਸੋਨੀ, ਫਗਵਾੜਾ : ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫ਼ਗਵਾੜਾ ਵਿਖੇ ਸਾਲਾਨਾ ਡਿਗਰੀ ਅਤੇ ਇਨਾਮ ਵੰਡ ਸਮਾਗ਼ਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਨਰਪਿੰਦਰ ਸਿੰਘ ਡਾਇਰੈਕਟਰ ਰਿਸਰਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤੀ ਤੇ ਸ. ਵਰਿੰਦਰ ਸਿੰਘ ਵਾਲੀਆ ਸੰਪਾਦਕ ਪੰਜਾਬੀ ਜਾਗਰਣ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ 'ਚ ਗੁਰਬਾਣੀ ਸ਼ਬਦ ਤੋਂ ਬਾਅਦ ਸ਼ਮ੍ਹਾ ਰੌਸ਼ਨ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਨੇ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਸਾਲਾਨਾ ਕਾਲਜ ਰਿਪੋਰਟ ਪੜ੍ਹਦਿਆਂ ਕਾਲਜ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਵਿੱਦਿਅਕ ਖੇਤਰ ਦੇ ਨਾਲ-ਨਾਲ ਸਹਿ-ਵਿੱਦਿਅਕ ਗਤੀਵਿਧੀਆਂ ਵਿਚ ਵੀ ਕਾਲਜ ਦਾ ਨਾਮ ਯੂਨੀਵਰਸਿਟੀ ਅਤੇ ਰਾਜ ਪੱਧਰੀ ਮੁਕਾਬਲਿਆਂ 'ਚ ਰੌਸ਼ਨ ਕਰ ਰਹੇ ਹਨ। ਡਾ. ਨਰਪਿੰਦਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਵਿਦਿਆਰਥੀ ਆਪਣੀ ਵਡਮੁੱਲੀ ਊਰਜਾ ਨੂੰ ਸਕਾਰਾਤਮਕ ਗਤੀਵਿਧੀਆਂ ਲਈ ਉਪਯੋਗ ਕਰਦੇ ਹੋਏ ਨਿਰਧਾਰਿਤ ਉਦੇਸ਼ਾਂ ਦੀ ਪ੍ਰਾਪਤੀ ਕਰ ਸਕਦੇ ਹਨ। ਉਨ੍ਹਾਂ ਸਖ਼ਤ ਮਿਹਨਤ ਦੇ ਨਾਲ-ਨਾਲ ਸਹਿਯੋਗ, ਨਿਮਰਤਾ ਤੇ ਸਹਿਚਾਰ ਵਰਗੀਆਂ ਕਦਰਾਂ-ਕੀਮਤਾਂ ਧਾਰਨ ਕਰਨ 'ਤੇ ਜ਼ੋਰ ਦਿੱਤਾ। ਵਿਸ਼ੇਸ਼ ਮਹਿਮਾਨ ਸ. ਵਰਿੰਦਰ ਸਿੰਘ ਵਾਲੀਆ ਨੇ ਆਪਣੇ ਭਾਸ਼ਣ ਵਿਚ ਕਾਲਜ ਪ੍ਰਬੰਧਕ ਕਮੇਟੀ, ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਮੇਂ ਦੀ ਕਦਰ ਕਰਦਿਆਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਨੁਸਾਰ ਹੱਕ ਸੱਚ 'ਤੇ ਪਹਿਰਾ ਦੇਣ ਦਾ ਸੰਦੇਸ਼ ਦਿੱਤਾ।ਉਨ੍ਹਾਂ ਦਸ਼ਰਥ ਮਾਂਝੀ ਦੀ ਉਦਾਹਰਨ ਦਿੰਦਿਆਂ ਵਿਦਿਆਥੀਆਂ ਨੂੰ ਨਿਸ਼ਚਾ ਕਰਕੇ ਮਿਹਨਤ ਕਰਨ ਦਾ ਮਹੱਤਵ ਸਮਝਾਇਆ।ਇਸ ਸਮਾਗ਼ਮ ਦੌਰਾਨ ਲਗਪਗ 180 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਦੇ ਨਾਲ-ਨਾਲ 200 ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਲਈ ਸਨਮਾਨਿਤ ਕੀਤਾ ਗਿਆ। ਕੁਲਵੰਤ ਕੌਰ ਐਸੋਸੀਏਟ ਪ੍ਰੋਫੈਸਰ ਹਿੰਦੀ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਕਾਲਜ ਵਲੋਂ ਸਨਮਾਨਿਤ ਕੀਤਾ ਗਿਆ। ਅਭਿਲਾਸ਼ਾ ਐੱਮਕਾਮ ਚੌਥਾ ਅਤੇ ਭੁਪਿੰਦਰਦੀਪ ਬੀਏ ਚੌਥਾ ਨੂੰ ਸਰਵੋਤਮ ਵਿਦਿਆਰਥੀ ਐਲਾਨਿਆ ਗਿਆ। ਕਾਲਜ ਵਲੋਂ ਮੁੱਖ ਮਹਿਮਾਨ ਡਾ. ਨਰਪਿੰਦਰ ਸਿੰਘ, ਸ. ਵਰਿੰਦਰ ਸਿੰਘ ਵਾਲੀਆ ਅਤੇ ਪੱਤਰਕਾਰ ਵਿਜੈ ਸੋਨੀ, ਜਤਿਨ ਸ਼ਰਮਾ ਤੇ ਹਰਮਿੰਦਰ ਸਿੰਘ ਰਾਣਾ, ਸਿਟੀ ਕੇਬਲ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਪਲਾਹੀ ਨੇ ਅੰਤ 'ਚ ਸਭ ਦਾ ਧੰਨਵਾਦ ਕਰਦੇ ਹੋਏ ਸ. ਜਗਤ ਸਿੰਘ ਪਲਾਹੀ ਦੇ ਲਾਏ ਗੁਰੂ ਨਾਨਕ ਕਾਲਜ ਰੂਪੀ ਬੂਟੇ ਨੂੰ ਹਰਿਆ-ਭਰਿਆ ਰੱਖਣ ਲਈ ਆਪਣੀ ਪ੍ਰਤੀਵੱਧਤਾ ਪ੍ਰਗਟਾਈ।

ਇਸ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਵਿਦਿਆਰਥੀਆਂ ਤੋਂ ਇਲਾਵਾ ਸ. ਜਤਿੰਦਰ ਸਿੰਘ ਕੁੰਦੀ, ਪਰਦੀਪ ਬਸਰਾ, ਲਖਵੀਰ ਸਿੰਘ ਬਸਰਾ, ਮਲਕੀਤ ਸਿੰਘ ਰੰਘਬੋਤਰਾ, ਹਰਬੰਸ ਲਾਲ, ਵਿਜੈ ਸੋਨੀ, ਜੈਲੀਨ ਕੌਰ, ਮਨਰਾਜ ਵਾਲੀਆ, ਡਾ. ਭੁਪਿੰਦਰ ਕੌਰ, ਡਾ. ਸ਼ਵਿੰਦਰ ਸਿੰਘ, ਡਾ. ਸੀਮਾ ਕਪੂਰ, ਪ੍ਰੋ. ਪਰਮਜੀਤ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

Posted By: Jaskamal