ਵਿਜੇ ਸੋਨੀ, ਫਗਵਾੜਾ : ਯੋਗੇਸ਼ ਸ਼ੁਕਲਾ ਮਰਡਰ ਕੇਸ ਦੀ ਗੁੱਥੀ ਸੁਲਝਦੀ ਹੋਈ ਨਜ਼ਰ ਆ ਰਹੀ ਹੈ। ਮ੍ਰਿਤਕ ਯੋਗੇਸ਼ ਦੀ ਪਤਨੀ ਸੋਨੀ ਸ਼ੁਕਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਚਾਚਾ ਘਨਸ਼ਾਮ ਸ਼ੁਕਲਾ ਪੁੱਤਰ ਵਿਸ਼ਨੂੰ ਦੇਵ ਸ਼ੁਕਲਾ, ਸੁਨੀਲ ਪਾਂਡੇ ਪੁੱਤਰ ਧਰੁਵ ਦੇਵ ਪਾਂਡੇ ,ਜਯਾ ਪਾਂਡੇ ਪਤਨੀ ਸੁਨੀਲ ਪਾਂਡੇ, ਖੁਸ਼ਬੂ ਕਨੋਜੀਆ, ਪਤਨੀ ਆਯੁਸ਼ ਕਨੋਜੀਆ ਤੇ ਹੋਰ ਦੱਸ ਤੋਂ ਪੰਦਰਾਂ ਅਣਪਛਾਤਿਆਂ ਨੂੰ ਲੈ ਕੇ ਉਨ੍ਹਾਂ ਦੇ ਘਰ 'ਚ ਦਾਖ਼ਲ ਹੋਏ। ਕੁੱਟਮਾਰ ਕਰਨ ਦੌਰਾਨ ਘਰ 'ਚ ਪਿਆ ਦੱਸ ਤੋਲੇ ਸੋਨਾ, ਜ਼ਮੀਨ ਦੇ ਕਾਗਜ਼ਾਤ, ਬੈਂਕ ਦੀਆਂ ਕਾਪੀਆਂ, ਨਗਦੀ ਲੈ ਕੇ ਫ਼ਰਾਰ ਹੋ ਗਏ। ਸੋਨੀ ਸ਼ੁਕਲਾ ਨੇ ਪੁਲਿਸ ਨੂੰ ਦੱਸਿਆ ਕਿ ਇਹ ਸਭ ਸਤਿੰਦਰ ਪਾਂਡੇ ਪੁੱਤਰ ਕ੍ਰਿਸ਼ ਦੇਵ ਪਾਂਡੇ ਜੈਅੰਤੀ ਪਾਂਡੇ ਪਤਨੀ ਸਤਿੰਦਰ ਪਾਂਡੇ ਦੀ ਮਿਲੀਭੁਗਤ ਨਾਲ ਹੋਇਆ ਹੈ ਜਿਸ 'ਤੇ ਉਕਤ ਮੁਲਜ਼ਮਾਂ ਖਿਲਾਫ ਥਾਣਾ ਸਿਟੀ ਫਗਵਾੜਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਪਣੇ ਦਾਦਾ ਵਿਸ਼ਨੁ ਸ਼ੁਕਲਾ ਦੀਆਂ ਅਸਥੀਆਂ ਦਾ ਵਿਸਰਜਨ ਕਰਨ ਹਰਦੁਆਰ ਗਿਆ ਯੋਗੇਸ਼ ਸ਼ੁਕਲਾ ਘਰ ਵਾਪਿਸ ਨਹੀਂ ਪਰਤਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਭਾਲ ਕੀਤੀ ਤਾਂ ਉਨ੍ਹਾਂ ਨੂੰ ਜੀਆਰਪੀ ਸਹਾਰਨਪੁਰ ਤੋਂ ਫੋਨ ਆਇਆ ਕਿ ਯੁਗੇਸ਼ ਸ਼ੁਕਲਾ ਦੀ ਮ੍ਰਿਤਕ ਦੇਹ ਪਈ ਮਿਲੀ ਹੈ ਜਿਸ 'ਤੇ ਪੂਰੇ ਮੁਹੱਲੇ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਯੋਗੇਸ਼ ਸ਼ੁਕਲਾ ਉਕਤ ਮੁਲਜ਼ਮਾਂ ਨਾਲ ਹੀ ਹਰਿਦੁਆਰ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਮਾਮਲੇ ਸਬੰਧੀ ਥਾਣਾ ਸਿਟੀ ਫਗਵਾੜਾ ਦੇ ਐੱਸਐਚਓ ਅਮਨਦੀਪ ਨਾਹਰ ਨੇ ਦੱਸਿਆ ਕਿ ਮ੍ਰਿਤਕ ਦੇਹ ਸਹਾਰਨਪੁਰ ਵਿੱਚ ਮਿਲਣ ਕਾਰਨ ਉਥੇ ਦੀ ਪੁਲਿਸ ਜਾਂਚ ਦੌਰਾਨ ਕਾਰਵਾਈ ਕਰੇਗੀ। ਉਨ੍ਹਾਂ ਵੱਲੋਂ ਸੋਨੀ ਸ਼ੁਕਲਾ ਅਤੇ ਉਸ ਦੀ ਸੱਸ ਨਾਲ ਹੋਈ ਕੁੱਟਮਾਰ ਦੇ ਮਾਮਲੇ ਚ ਛੇ ਆਰੋਪੀਆਂ ਤੇ ਥਾਣਾ ਸਿਟੀ ਫਗਵਾੜਾ ਵਿਖੇ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਯੋਗੇਸ਼ ਸ਼ੁਕਲਾ ਦੀ ਹੋਈ ਮੌਤ ਜਾਇਦਾਦ ਹੜੱਪਣ ਦੇ ਮਾਮਲੇ 'ਚ ਵੀ ਕੀਤਾ ਗੁਨਾਹ ਹੋ ਸਕਦਾ ਹੈ।

Posted By: Seema Anand