ਪੰਜਾਬ ਵਿਧਾਨ ਸਭਾ ਚੋਣਾਂ ਅਕਤੂਬਰ-ਨਵੰਬਰ ਹੋਣ ਦੀ ਸੰਭਾਵਨਾ: ਬਾਦਲ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਮਾਣਾ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਤੇ ਲੋਕ ਵਿਰੋਧੀ ‘ਆਪ’ ਸਰਕਾਰ ਦੀ ਮਿਆਦ 3-4 ਮਹੀਨੇ ਰਹਿ ਗਈ ਹੈ। ਫਿਰ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣੇਗੀ ਅਤੇ ਪੰਜਾਬ ਸਰਕਾਰ ਵਲੋਂ ਬੰਦ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਮੁੜ ਤੋਂ ਲਾਗੁ ਕਰੇਗੀ। ਸੁਖਬੀਰ ਬਾਦਲ ਨੇ ਹਲਕਾ ਮੁਖੀ ਜਗਮੀਤ ਸਿੰਘ ਹਰਿਆਊ ਦੀ ਪਿੱਠ ਥਾਪੜਦਿਆਂ ਕਿਹਾ,‘ਤੁਸੀ ਹਰਿਆਊ ਨੂੰ ਵਿਧਾਇਕ ਬਣਾਓ, ਪੰਜਾਬ ਸਰਕਾਰ ਤੁਹਾਡੀ ਮੁੱਠੀ ਵਿਚ ਹੋਵੇਗੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਇਸੇ ਵਰ੍ਹੇ ਅਕਤੂਬਰ-ਨਵੰਬਰ ਵਿਚ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਬਾਦਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਉਨ੍ਹਾਂ ਦੇ ਪੁਰਾਣੇ ਸਾਥੀ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਰਗੜੇ ਲਗਾਉਣੇ ਨਹੀਂ ਭੁੱਲੇ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਪਾਰਟੀ ਦਾ ਨਹੀਂ ਬਣਿਆ, ਉਹ ਲੋਕਾਂ ਦਾ ਕੀ ਬਣੇਗਾ। ਉਨ੍ਹਾਂ ਕਿਹਾ ਕਿ ਰੱਖੜਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਕੋਈ ਹੋਰ ਪਾਰਟੀ ਵਿਚ ਚਲੇ ਜਾਣਗੇ। ਨਗਰ ਕੌਂਸਲ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਲੋਕਾਂ ਨੂੰ ਲੁੱਟਣ ਦੀ ਤਾਕ ਵਿਚ ਬੈਠੇ ਲੋਕਾਂ ਦੇ ਮਨਸੂਬੇ ਨਾਕਾਮ ਕਰ ਦਿਓ। ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਸਖ਼ਤ ਚੋਟ ਕਰਦਿਆਂ ਬਾਦਲ ਨੇ ਕਿਹਾ ਕਿ ਜਿੱਥੇ ਪੰਜਾਬ ਪੁਲਿਸ ਹੀ ਸੁਰੱਖਿਅਤ ਨਹੀਂ, ਆਮ ਲੋਕ ਸੁਰੱਖਿਅਤ ਕਿਵੇਂ ਹੋ ਸਕਦੇ ਹਨ? ਕਾਂਗਰਸ, ਭਾਜਪਾ ਤੇ ਆਪ ਦੀ ਵਾਗਡੋਰ ਦਿੱਲੀ ਹੱਥ ਹੈ। ਇਕੋ-ਇਕ ਸ਼੍ਰੋਮਣੀ ਅਕਾਲੀ ਦਲ ਅਜਿਹੀ ਪਾਰਟੀ ਹੈ ਜੋ ਪੰਜਾਬ ਦੀ ਹੈ, ਪੰਜਾਬ ਲਈ ਸੋਚਦੀ ਹੈ ਅਤੇ ਪੰਜਾਬ ਲਈ ਹੀ ਕਰਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ 25 ਸਾਲ ਕਾਂਗਰਸ ਤੇ ਹੋਰ ਪਾਰਟੀਆਂ ਨੇ ਰਾਜ ਕੀਤਾ ਹੈ ਪਰ ਕੋਈ ਕੰਮ ਨਹੀਂ ਕੀਤਾ। ਪ੍ਰਕਾਸ਼ ਸਿੰਘ ਬਾਦਲ 22 ਸਾਲ ਮੁੱਖ ਮੰਤਰੀ ਰਹੇ ਜਿੰਨ੍ਹਾਂ ਨੇ ਥਰਮਲ ਪਲਾਂਟ, ਸੜਕਾਂ, ਡੈਮ, ਹਵਾਈ ਅੱਡੇ , ਪਿੰਡਾਂ ਦੀਆਂ ਸੰਪਰਕ ਸੜਕਾਂ, ਪਾਣੀ, ਸੀਵਰੇਜ ਅਤੇ ਗਲੀਆਂ-ਨਾਲੀਆਂ ਦੀ ਦੇਣ ਪ੍ਰਕਾਸ਼ ਸਿੰਘ ਬਾਦਲ ਦੀ ਹੈ। ਹਲਕਾ ਮੁਖੀ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਜਿੱਤਣ ਦਾ ਮਨਸੂਬਾ ਬਣਾ ਕੇ ਬੈਠੇ ਰੱਖੜਾ ਦੇ ਪੈਰੋਂ ਹੇਠਾਂ ਜ਼ਮੀਨ ਨਿਕਲ ਗਈ ਹੈ ਜਦੋਂ ਚੋਣ ਮੈਦਾਨ ਵਿਚ ਅਕਾਲੀ ਦਲ ਦੇ ਉਮੀਦਵਾਰ ਡਟੇ ਹੋਏ ਵੇਖੇ। ਰੈਲੀ ਵਿਚ ਯੂਥਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜਸਪਾਲ ਸਿੰਘ ਬਿੱਟੂ ਚੱਠਾ, ਕਬੀਰ ਦਾਸ, ਅਮਿਤ ਰਾਠੀ, ਕੁਲਦੀਪ ਸਿੰਘ ਨਸੂਪੁਰ, ਅਜੈਬ ਸਿੰਘ ਮੱਲ੍ਹੀ, ਅਮਰਜੀਤ ਸਿੰਘ ਗੁਰਾਇਆ, ਨਿਸ਼ਾਨ ਸਿੰਘ ਸੰਧੂ, ਸੁਨੈਨਾ ਮਿੱਤਲ, ਕੁਲਦੀਪ ਸਿੰਘ ਵਿਰਕ, ਬਲਜਿੰਦਰ ਸਿੰਘ ਬੱਲੀ, ਜੋਗਿੰਦਰ ਰਾਮ, ਸੁਖਵਿੰਦਰ ਸਿੰਘ ਦਾਨੀਪੁਰ, ਗੋਪਾਲ ਸ਼ਰਮਾ ਅਤੇ ਹੋਰ ਆਗੂਆਂ ਨੇ ਰੈਲੀ ਨੂੰ ਸੰਬੋਧਨ ਕੀਤਾ।