ਪੀਯੂ ਵਿਖੇ 56ਵੀਂ ਪੰਜਾਬ ਇਤਿਹਾਸ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ
ਪੀਯੂ ਵਿਖੇ 56ਵੀਂ ਪੰਜਾਬ ਇਤਿਹਾਸ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ
Publish Date: Sun, 16 Nov 2025 05:26 PM (IST)
Updated Date: Sun, 16 Nov 2025 05:29 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਕਰਵਾਈ ਗਈ 56ਵੀਂ ਪੰਜਾਬ ਇਤਿਹਾਸ ਕਾਨਫ਼ਰੰਸ ਅੱਜ ਸਫਲਤਾਪੂਰਵਕ ਸੰਪੰਨ ਹੋ ਗਈ ਹੈ। ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਦਿਹਾੜੇ ਨੂੰ ਸਮਰਪਿਤ ਇਸ ਕਾਨਫ਼ਰੰਸ ਦੇ ਵਿਦਾਇਗੀ ਸੈਸ਼ਨ ਦੌਰਾਨ ਡਾ. ਸੁਖਦੇਵ ਸਿੰਘ ਸੋਹਲ, ਸਾਬਕਾ ਪ੍ਰੋਫੈਸਰ, ਇਤਿਹਾਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਵਿਦਾਇਗੀ ਭਾਸ਼ਣ ਦਿੱਤਾ ਗਿਆ। ਉਨ੍ਹਾਂ ਪ੍ਰਾਥਮਿਕ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਮੌਜੂਦਾ ਪ੍ਰਸੰਗ ਵਿਚ ਕੇਂਦਰਿਤ ਰੱਖ ਕੇ ਆਪਣੇ ਵਿਚਾਰ ਪੇਸ਼ ਕੀਤੇ। ਵਿਭਾਗ ਮੁਖੀ ਡਾ. ਸੰਦੀਪ ਕੌਰ ਵੱਲੋਂ ਸਭ ਪ੍ਰਤਿਨਿਧੀਆਂ ਦਾ ਸੁਆਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ, ਚੰਡੀਗੜ੍ਹ, ਦਿੱਲੀ, ਜੰਮੂ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਭਾਰਤ ਦੇ ਹੋਰ ਹਿੱਸਿਆਂ ਨਾਲ ਸਬੰਧਤ ਵੱਖ–ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲਗਭਗ 200 ਪ੍ਰਤਿਨਿਧੀਆਂ ਨੇ ਕਾਨਫਰੰਸ ਵਿਚ ਭਾਗ ਲਿਆ। ਇਟਲੀ ਦੇ ਪ੍ਰਤਿਨਿਧੀਆਂ ਨੇ ਵੀ ਆਪਣੇ ਪੇਪਰ ਪੇਸ਼ ਕੀਤੇ। ਇਸ ਸੈਸ਼ਨ ਦੌਰਾਨ ਪ੍ਰਾਚੀਨ, ਮੱਧਕਾਲੀਨ, ਆਧੁਨਿਕ ਅਤੇ ਪੰਜਾਬੀ ਸੈਕਸ਼ਨਾਂ ਦੇ ਪ੍ਰਧਾਨਾਂ ਨੇ ਆਪਣੇ-ਆਪਣੇ ਸੈਸ਼ਨਾਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ। ਕੁੱਲ 72 ਰਿਸਰਚ ਪੇਪਰ ਪੇਸ਼ ਕੀਤੇ ਗਏ: ਪ੍ਰਾਚੀਨ ਸੈਸ਼ਨ ਵਿਚ 6, ਮੱਧਕਾਲੀਨ ਵਿਚ 16, ਆਧੁਨਿਕ ਵਿਚ 29 ਅਤੇ ਪੰਜਾਬੀ ਸੈਸ਼ਨ ਵਿਚ 21 ਪਰਚੇ ਪੇਸ਼ ਹੋਏ। ਇਸ ਮੌਕੇ ਸਨਮਾਨ ਸਮਾਰੋਹ ਵੀ ਕਰਵਾਇਆ ਗਿਆ। ਧੰਨਵਾਦੀ ਭਾਸ਼ਣ ਡਾ. ਦਲਜੀਤ ਸਿੰਘ ਵੱਲੋਂ ਦਿੱਤਾ ਗਿਆ। ਵਿਦਾਇਗੀ ਸੈਸ਼ਨ ਦੌਰਾਨ ਮੰਚ ਸੰਚਾਲਨ ਦਾ ਕਾਰਜ ਡਾ. ਪ੍ਰਨੀਤ ਕੌਰ ਢਿੱਲੋਂ ਨੇ ਕੀਤਾ।