ਤਿੰਨ ਜਥੇਬੰਦੀਆਂ ਨੇ ਘੇਰਿਆ ਪਾਵਰਕਾਮ ਦਾ ਮੁੱਖ ਦਫ਼ਤਰ, ਦੋਵੇਂ ਗੇਟ ਬੰਦ ਕਰਕੇ ਕੀਤੀ ਨਾਅਰੇਬਾਜ਼ੀ
ਤਿੰਨ ਜਥੇਬੰਦੀਆਂ ਨੇ ਘੇਰਿਆ ਪਾਵਰਕਾਮ ਦਾ ਮੁੱਖ ਦਫਤਰ- ਦੋਨੋ ਗੇਟ ਬੰਦ ਕਰਕੇ ਕੀਤੀ ਨਾਰੇਬਾਜੀ
Publish Date: Wed, 12 Nov 2025 06:19 PM (IST)
Updated Date: Wed, 12 Nov 2025 06:19 PM (IST)

ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ ਬੁੱਧਵਾਰ ਨੂੰ ਤਿੰਨ ਯੂਨੀਅਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪਾਵਰਕਾਮ ਦੇ ਮੁੱਖ ਦਫ਼ਤਰ ਦੇ ਦੋਵੇਂ ਗੇਟ ਬੰਦ ਕਰਕੇ ਧਰਨਾ ਲਗਾਇਆ ਗਿਆ। ਪਾਵਰਕਾਮ ਦੇ ਮੁੱਖ ਦਫ਼ਤਰ ਦਾ ਮੇਨ ਗੇਟ ਪਾਵਰਕਾਮ ਐਂਡ ਟਰਾਂਸਕੋਂ ਅਪ੍ਰੈਂਟਿਸਸ਼ਿਪ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨੇ ਘੇਰਿਆ ਜਦੋਂ ਦੂਜੇ ਗੇਟ ਰੋਸ ਪ੍ਰਦਰਸ਼ਨ ਕਰ ਰਹੇ ਪਾਵਰਕਾਮ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਯੂਨੀਅਨ ਬਿਜਲੀ ਬੋਰਡ ਦੇ ਮੀਟਰ ਰੀਡਰਾਂ ਵੱਲੋਂ ਬੰਦ ਕੀਤਾ ਗਿਆ। ਇਸ ਦੌਰਾਨ ਬਾਅਦ ਦੁਪਹਿਰ ਪਾਵਰਕਾਮ ਦੇ ਮੁੱਖ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਧਰਨਕਾਰੀਆਂ ਨਾਲ ਗੱਲਬਾਤ ਕਰਕੇ ਲਿਖਤੀ ਪੱਤਰ ਦੇਣ ਉਪਰੰਤ ਦੋ ਜਥੇਬੰਦੀਆਂ ਵੱਲੋਂ ਆਪਣਾ ਧਰਨਾ ਸਮਾਪਤ ਕਰ ਦਿੱਤਾ ਗਿਆ ਜਦਕਿ ਇਕ ਧਿਰ ਦਾ ਪੱਕਾ ਮੋਰਚਾ ਜਾਰੀ ਰਿਹਾ। ਧਰਨੇ ਪ੍ਰਦਰਸ਼ਨ ਦੌਰਾਨ ਰੋਡ ਜਾਮ ਹੋਣ ਕਾਰਨ ਤੇ ਪਾਵਰਕਾਮ ਦਾ ਦੂਜਾ ਗੇਟ ਬੰਦ ਹੋਣ ਕਾਰਨ ਸ਼ਹਿਰ ’ਚ ਆਉਣ-ਜਾਣ ਵਾਲੀ ਟ੍ਰੈਫਿਕ ਬੂਰੀ ਤਰ੍ਹਾ ਪ੍ਰਭਾਵਿਤ ਹੋਈ। ਧਰਨਾ ਸਮਾਪਤ ਹੋਣ ਉਪਰੰਤ ਆਵਾਜਾਈ ਸੁਚਾਰੂ ਰੂਪ ’ਚ ਚਾਲੂ ਹੋਣ ’ਤੇ ਟ੍ਰੈਫਿਕ ਜਾਮ ਤੋਂ ਰਾਹਤ ਮਿਲੀ। ਜਾਣਕਾਰੀ ਅਨੁਸਾਰ ਪਾਵਰਕਾਮ ਐਂਡ ਟਰਾਂਸਕੋਂ ਅਪ੍ਰੈਂਟਿਸਸ਼ਿਪ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸੂਬੇ ਭਰ ਚੋਂ ਵੱਡੀ ਗਿਣਤੀ ’ਚ ਪਹੁੰਚੇ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਅਪ੍ਰੈਂਟਿਸਸ਼ਿਪ ਦਾਖਲਾ ਜਾਰੀ ਕਰਵਾਉਣ ਲਈ ਪਾਰਵਕਾਮ ਦੇ ਮੁੱਖ ਗੇਟ ’ਤੇ ਪੱਕਾ ਮੋਰਚਾ ਲਗਾਇਆ ਹੋਇਆ ਸੀ ਤੇ ਸੜਕ ਦਾ ਇੱਕਪਾਸਾ ਬੰਦ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਨੁਾਇੰਦਿਆਂ ਨੇ ਦੱਸਿਆ ਕਿ 2500 ਨੌਜਵਾਨ ਅਪ੍ਰੈਂਟਿਸਸ਼ਿਪ ਦਾਖਲਾ ਜਾਰੀ ਕਰਵਾਉਣ ਲਈ ਪਿਛਲੇ ਦਿਨਾਂ ਤੋਂ ਸੰਘਰਸ ਕਰ ਰਹੇ ਹਨ , ਜਿਸ ਸਬੰਧੀ ਸਰਕਾਰ ਵੱਲੋਂ ਉਨ੍ਹਾਂ ਦੀ ਗੱਲਬਾਤ ਨਾ ਸੁਣਨ ਕਰਕੇ ਰੋਸ਼ ਵਜੋਂ ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ ਪੱਕਾ ਮੋਰਚਾ ਲਗਾਇਆ ਗਿਆ ਸੀ, ਜਿਸ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਉੱਚ ਅਧਿਕਾਰੀਆਂ ਨਾਲ ਹੋਈ ਵਿਸ਼ੇਸ ਬੈਠਕ ’ਚ ਉਚ ਅਧਿਕਾਰੀਆਂ ਵੱਲੋਂ 27 ਨਵੰਬਰ ਤੱਕ ਅਪ੍ਰੈਂਟਿਸਸ਼ਿਪ ਦਾਖਲਾ ਕਰਵਾਉਣ ਸਬੰਧੀ ਲਿਖਤੀ ਪੱਤਰ ਸੌਂਪਿਆ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨਾਲ ਹੋਈ ਬੈਠਕ ਦੌਰਾਨ ਤਹਿ ਹੋਇਆ ਹੈ ਕਿ ਅਪ੍ਰੈਂਟਿਸਸ਼ਿਪ ਲਈ 2500 ਨੌਜਵਾਨਾਂ ਨੂੰ ਦਾਖਲਾ ਦਿੱਤਾ ਜਾਵੇਗਾ, ਜਿਸ ਸਬੰਧੀ ਪੱਤਰ ਵੀ ਜਾਰੀ ਕੀਤਾ ਗਿਆ ਹੈ। ਨੁਮਾਇੰਦਿਆਂ ਦਾ ਕਹਿਣਾ ਸੀ ਕਿ ਉੱਚ ਅਧਿਕਾਰੀਆਂ ਦੇ ਭਰੋਸੇ ਉਪਰੰਤ ਪੱਕਾ ਮੋਰਚਾ ਸਮਾਪਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੱਕੇ ਧਰਨੇ ’ਤੇ ਬੈਠੇ ਡਿਪਲੋਮਾ-ਡਿਗਰੀ ਹੋਲਡਰ ਲਾਇਨਮੈਨਾਂ ਦਾ ਧਰਨਾ ਜਾਰੀ ਰਿਹਾ, ਜਿਸ ਦੌਰਾਨ ਉਨ੍ਹਾਂ ਆਖਿਆ ਕਿ ਜਦੋਂ ਤੱਕ ਉਨ੍ਹਾਂ ਦੀਆ ਮੰਗਾਂ ਦਾ ਹੱਲ ਨਹੀਂ ਹੁੰਦਾ ਓਨਾ ਚਿਰ ਧਰਨਾ ਜਾਰੀ ਰਹੇਗਾ। -ਮੀਟਰ ਰੀਡਰਾਂ ਨੇ ਘੇਰਿਆਂ ਦੂਜਾ ਗੇਟ- ਇਸ ਦੌਰਾਨ ਬੁੱਧਵਾਰ ਨੂੰ ਆਪਣੀਆਂ ਮੰਗਾਂ ਦੀ ਪੂਰਤੀ ਲਈ ਪਾਵਰਕਾਮ ਦੇ ਮੁੱਖ ਦਫਤਰ ਦੇ ਸਾਹਮਣੇ ਪਾਵਰਕਾਮ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਯੂਨੀਅਨ ਬਿਜਲੀ ਬੋਰਡ ਦੇ ਬੈਨਰ ਹੇਠ ਵੱਡੀ ਗਿਣਤੀ ’ਚ ਪੁੱਜੇ ਮੀਟਰ ਰੀਡਰ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਹਿਲਾਂ ਮੇਨ ਰੋਡ ’ਤੇ ਧਰਨਾ ਦੇਣ ਉਪਰੰਤ ਬਾਅਦ ਦੁਪਹਿਰ ਧਰਨਾਕਾਰੀਆਂ ਵੱਲੋਂ ਪਾਰਵਕਾਮ ਦਾ ਸ਼ੇਰਾਵਾਲਾ ਗੇਟ ਵੱਲ ਖੁੱਲ੍ਹਦਾ ਦੂਜੇ ਗੇਟ ਬੰਦ ਕਰਕੇ ਸੜਕ ’ਤੇ ਧਰਨਾ ਲਗਾ ਦਿੱਤਾ ਗਿਆ। ਇਸ ਦੌਰਾਨ ਯੂਨੀਅਨ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਦੀਆਂ ਪਿਛਲੀਆਂ ਤਨਖਾਹਾ ਜਾਰੀ ਕਰਵਾਈਆਂ ਜਾਣ ਤੇ ਉਨ੍ਹਾਂ ਨੂੰ ਆਉਟਸੋਰਸ ਤੋਂ ਸਿੱਧਾ ਪਾਵਰਕਾਮ ਅਧੀਨ ਕੀਤਾ ਜਾਵੇ। ਇਸ ਸਬੰਧੀ ਯੂਨੀਅਨ ਆਗੂਆਂ ਦੀ ਉੱਚ ਅਧਿਕਾਰੀਆਂ ਨਾਲ ਹੋਈ ਬੈਠਕ ’ਚ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਹਾਇਰ ਅਥਾਰਟੀ ਨੂੰ ਪੱਤਰ ਭੇਜਣ ਦਾ ਭੋਰਸਾ ਦਿੱਤਾ ਗਿਆ, ਜਿਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ।