ਪੈਨਸ਼ਨਰਾਂ ਨੇ ਆਪ ਖ਼ਿਲਾਫ਼ ਖੋਲਿਆ ਮੋਰਚਾ
ਪੈਨਸ਼ਨਰਾਂ ਨੇ " ਆਪ " ਖਿਲਾਫ ਖੋਲਿਆ ਮੋਰਚਾ
Publish Date: Sat, 23 May 2026 03:34 PM (IST)
Updated Date: Sun, 24 May 2026 04:01 AM (IST)

ਕਿਹਾ: ਕੌਂਸਲ ਚੋਣਾਂ ’ਚ ਆਪ ਦਾ ਕੋਈ ਉਮੀਦਵਾਰ ਵੋਟ ਮੰਗਣ ਨਾ ਆਵੇ ਪੈਨਸ਼ਨਰਾਂ ਘਰਾਂ ਮੂਹਰੇ ਚਿਪਕਾਉਣਗੇ ਪੋਸਟਰ ਸੂਬਾ ਸਰਕਾਰ ’ਤੇ ਲਾਏ ਵਾਅਦਾ ਖ਼ਿਲਾਫ਼ੀ ਦੇ ਇਲਜ਼ਾਮ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਦੀ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਸੁਨਾਮ ਦੀ ਮੀਟਿੰਗ ਰਾਮ ਸਰੂਪ ਢੈਪਈ ਦੀ ਪ੍ਰਧਾਨਗੀ ਹੇਠ ਪੈਨਸ਼ਨ ਭਵਨ ਤਹਿਸੀਲ ਕੰਪਲੈਕਸ ਸੁਨਾਮ ਵਿਖੇ ਹੋਈ। ਮੀਟਿੰਗ ’ਚ ਹਾਜ਼ਰ ਮੈਂਬਰਾਂ ਨੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਦੇ ਬਕਾਏ ਦੀ ਅਦਾਇਗੀ 30 ਜੂਨ ਤਕ ਕਰਨ ਦੇ ਦਿੱਤੇ ਫੈਸਲੇ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਫੈਸਲਾ ਕੀਤਾ ਆਮ ਆਦਮੀ ਪਾਰਟੀ ਦੇ ਮਿਊਂਸੀਪਲ ਚੋਣਾਂ ’ਚ ਖੜ੍ਹੇ ਉਮੀਦਵਾਰਾਂ ਨੂੰ ਸਬੰਧਤ ਇਸ਼ਤਿਹਾਰ ਜਾਰੀ ਕੀਤਾ ਗਿਆ। ਇਸ ਵਿਚ ਲਿਖਿਆ ਗਿਆ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਾਡੇ ਘਰ ਵੋਟ ਮੰਗਣ ਨਾ ਆਵੇ ਇਹ ਪੋਸਟਰ ਘਰਾਂ ਅੱਗੇ ਲਾਏ ਜਾਣ ਤੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਵੇ। ਐਸੋਸੀਏਸ਼ਨ ਦੇ ਪ੍ਰਧਾਨ ਰਾਮ ਸਰੂਪ ਢੈਪਈ, ਜੀਤ ਸਿੰਘ ਬੰਗਾ ਜਨਰਲ ਸਕੱਤਰ, ਬਿਰਜ ਲਾਲ ਧੀਮਾਨ, ਭੁਪਿੰਦਰ ਸਿੰਘ ਛਾਜਲੀ, ਪਵਨ ਕੁਮਾਰ ਸ਼ਰਮਾ, ਦਰਸ਼ਨ ਸਿੰਘ ਮੱਟੂ, ਵਿਸਵਕਾਂਤ ਸ਼ਰਮਾ, ਦਰਸ਼ਨ ਸਿੰਘ ਭਰਪੂਰ, ਗੁਰਜੰਟ ਸਿੰਘ ਨਮੋਲ, ਹਰਨੇਕ ਸਿੰਘ ਨੱਢੇ, ਪਦਮ ਕੁਮਾਰ ਸ਼ਰਮਾ, ਪ੍ਰਿਤਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਸਬੰਧੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਮਹਿੰਗਾਈ ਭੱਤੇ ਦੀ ਅਦਾਇਗੀ ਕਰਨ ਲਈ ਦਿੱਤੇ ਫੈਸਲੇ ਨੂੰ ਲਾਗੂ ਨਾ ਕਰਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਦੀ ਆ ਰਹੀ ਹੈ। ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵਈਏ ਕਾਰਨ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਰਾਜ ਅੰਦਰ ਹੋ ਰਹੀਆਂ ਸਥਾਨਕ ਸਰਕਾਰਾਂ ਬਾਰੇ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣ ਤੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਮੀਟਿੰਗ ਤੋਂ ਬਾਅਦ ਰਾਮ ਸਰੂਪ ਢੈਪਈ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਸੁਨਾਮ ਵਿਖੇ ਰੋਸ ਰੈਲੀ ਕਰਕੇ ਮੰਗ ਕੀਤੀ ਗਈ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਫੈਸਲਾ ਬਿਨਾਂ ਕਿਸੇ ਦੇਰੀ ਤੋਂ ਲਾਗੂ ਕੀਤਾ ਜਾਵੇ।