ਹਨੀ ਟ੍ਰੈਪ ’ਚ ਫਸਾ ਕੇ ਪੰਜ ਲੱਖ ਦੀ ਮੰਗ, ਵਿਅਕਤੀ ਨੇ ਨਿਗਲਿਆ ਜ਼ਹਿਰ, ਗੰਭੀਰ
ਹਨੀ ਟ੍ਰੈਪ ’ਚ ਫਸਾ ਕੇ ਪੰਜ ਲੱਖ ਦੀ ਮੰਗ, ਵਿਅਕਤੀ ਨੇ ਨਿਗਲਿਆ ਜ਼ਹਿਰ, ਗੰਭੀਰ
Publish Date: Sat, 23 May 2026 05:45 PM (IST)
Updated Date: Sun, 24 May 2026 04:07 AM (IST)

ਪੰਚਾਇਤ ਸਮਿਤੀ ਦਿੜ੍ਹਬਾ ਦੀ ਚੇਅਰਪਰਸਨ ਦੇ ਪਤੀ ਨੂੰ ਜਾਲ ’ਚ ਫਸਾਉਣ ਦਾ ਦੋਸ਼ ਦੋ ਔਰਤਾਂ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਹਨੀ ਟ੍ਰੈਪ ਦਾ ਸ਼ਿਕਾਰ ਹੋਏ ਪੰਚਾਇਤ ਸੰਮਤੀ ਦਿੜ੍ਹਬਾ ਦੀ ਚੇਅਰਪਰਸਨ ਮਨਜੀਤ ਕੌਰ ਦੇ ਪਤੀ ਰਣਜੀਤ ਸਿੰਘ ਨੇ ਬਦਨਾਮੀ ਦੇ ਡਰ ਕਾਰਨ ਕਥਿਤ ਤੌਰ ’ਤੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਗੰਭੀਰ ਹਾਲਤ ’ਚ ਉਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਦੋਸ਼ ਹੈ ਕਿ ਇਕ ਔਰਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਣਜੀਤ ਸਿੰਘ ਨੂੰ ਹਨੀ ਟ੍ਰੈਪ ਵਿੱਚ ਫਸਾਇਆ ਤੇ ਫਿਰ ਉਸ ’ਤੇ ਜਬਰ ਜਨਾਹ ਦਾ ਝੂਠਾ ਕੇਸ ਦਰਜ ਕਰਵਾਉਣ ਦੀ ਧਮਕੀ ਦੇ ਕੇ 5 ਲੱਖ ਰੁਪਏ ਦੀ ਮੰਗ ਕੀਤੀ। ਇਸ ਕਾਰਨ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਕੇ ਰਣਜੀਤ ਸਿੰਘ ਨੇ ਇਹ ਕਦਮ ਚੁੱਕਿਆ। ਰਣਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤਰ ਨੂੰ ਯੋਜਨਾਬੱਧ ਢੰਗ ਨਾਲ ਹਨੀ ਟ੍ਰੈਪ ’ਚ ਫਸਾ ਕੇ ਬਲੈਕਮੇਲ ਕੀਤਾ ਜਾ ਰਿਹਾ ਸੀ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਇਕ ਔਰਤ ਨੇ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਕਈ ਦਿਨਾਂ ਤੋਂ ਰਣਜੀਤ ਸਿੰਘ ਨਾਲ ਸੰਪਰਕ ਬਣਾਇਆ ਹੋਇਆ ਸੀ। 18 ਮਈ ਨੂੰ ਔਰਤ ਨੇ ਉਨ੍ਹਾਂ ਨੂੰ ਮਿਲਣ ਲਈ ਬੁਲਾਇਆ ਤੇ ਬਾਅਦ ’ਚ ਆਪਣੇ ਘਰ ਲੈ ਗਈ। ਇਸ ਦੌਰਾਨ ਉੱਥੇ 4-5 ਹੋਰ ਵਿਅਕਤੀ ਵੀ ਪਹੁੰਚ ਗਏ। ਗੁਰਮੇਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਉਨ੍ਹਾਂ ਦੇ ਪੁੱਤਰ ਤੇ ਔਰਤ ਦੀਆਂ ਜਬਰਦਸਤੀ ਤਸਵੀਰਾਂ ਖਿੱਚੀਆਂ ਤੇ ਜਬਰ ਜਨਾਹ ਦੇ ਕੇਸ ’ਚ ਫਸਾਉਣ ਦੀ ਧਮਕੀ ਦੇ ਕੇ 5 ਲੱਖ ਰੁਪਏ ਦੀ ਮੰਗ ਕੀਤੀ। ਨਾਲ ਹੀ ਕੁਝ ਦਸਤਾਵੇਜ਼ਾਂ ’ਤੇ ਵੀ ਜਬਰਦਸਤੀ ਦਸਤਖ਼ਤ ਕਰਵਾਏ ਗਏ। ਕਥਿਤ ਬਲੈਕਮੇਲਿੰਗ ਤੇ ਮਾਨਸਿਕ ਦਬਾਅ ਤੋਂ ਪਰੇਸ਼ਾਨ ਹੋ ਕੇ ਰਣਜੀਤ ਸਿੰਘ ਨੇ ਇਹ ਕਦਮ ਚੁੱਕਿਆ। ਰਣਜੀਤ ਸਿੰਘ ਪੰਜਾਬ ਐਂਡ ਸਿੰਧ ਬੈਂਕ ਵਿੱਚ ਚਪੜਾਸੀ ਦੇ ਅਹੁਦੇ ’ਤੇ ਤਾਇਨਾਤ ਹਨ। ਡੀਐੱਸਪੀ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਪੰਚਾਇਤ ਸੰਮਤੀ ਦਿੜ੍ਹਬਾ ਦੀ ਚੇਅਰਪਰਸਨ ਮਨਜੀਤ ਕੌਰ ਦੀ ਸ਼ਿਕਾਇਤ ’ਤੇ ਸੰਦੀਪ ਕੌਰ ਪਤਨੀ ਜੱਗੀ ਸਿੰਘ ਨਿਵਾਸੀ ਬਹਾਦੁਰਪੁਰ, ਜੱਗੀ ਸਿੰਘ, ਹਰਜੋਤ ਸਿੰਘ, ਬਲਵਿੰਦਰ ਕੌਰ, ਗੋਪਾਲ ਸਿੰਘ ਅਤੇ ਹੈੱਪੀ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤ ਦੇ ਆਧਾਰ ’ਤੇ ਅਗਲੀ ਕਾਰਵਾਈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।