ਦਿਲ ਦਹਿਲਾਉਣ ਵਾਲੀ ਘਟਨਾ: ਅਵਾਰਾ ਕੁੱਤਿਆਂ ਨੇ 3 ਮਾਸੂਮ ਵੱਛੀਆਂ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰਿਆ, ਇਲਾਕੇ ’ਚ ਦਹਿਸ਼ਤ ਦਾ ਮਾਹੌਲ
ਪਿੰਡ ਭੁੱਚੀ ਵਿਖੇ ਅਵਾਰਾ ਕੁੱਤਿਆਂ ਵੱਲੋਂ ਪਸ਼ੂਆਂ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ’ਚ ਰਾਤ ਕਰੀਬ 2 ਵਜੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਵਿਚ ਅਵਾਰਾ ਕੁੱਤਿਆਂ ਦੇ ਝੁੰਡ ਨੇ ਇਕ ਦੁੱਧ ਉਤਪਾਦਕ ਦੇ ਬਾੜੇ ’ਤੇ ਹਮਲਾ ਕਰਕੇ 3 ਛੋਟੀਆਂ ਵੱਛੀਆਂ ਨੂੰ ਮਾਰ ਮੁਕਾਇਆ।
Publish Date: Sun, 24 May 2026 12:21 PM (IST)
Updated Date: Sun, 24 May 2026 12:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ। ਪਿੰਡ ਭੁੱਚੀ ਵਿਖੇ ਅਵਾਰਾ ਕੁੱਤਿਆਂ ਵੱਲੋਂ ਪਸ਼ੂਆਂ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ’ਚ ਰਾਤ ਕਰੀਬ 2 ਵਜੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਵਿਚ ਅਵਾਰਾ ਕੁੱਤਿਆਂ ਦੇ ਝੁੰਡ ਨੇ ਇਕ ਦੁੱਧ ਉਤਪਾਦਕ ਦੇ ਬਾੜੇ ’ਤੇ ਹਮਲਾ ਕਰਕੇ 3 ਛੋਟੀਆਂ ਵੱਛੀਆਂ ਨੂੰ ਮਾਰ ਮੁਕਾਇਆ।
ਪੀੜਤ ਦੁੱਧ ਉਤਪਾਦਕ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਛੋਟੀਆਂ ਵੱਛੀਆਂ ਸਮੇਤ 35 ਦੇ ਕਰੀਬ ਪਸ਼ੂ ਹਨ। ਅਵਾਰਾ ਕੁੱਤਿਆਂ ਨੇ ਦੋ ਵੱਛੀਆਂ ਨੂੰ ਤਾਂ ਬਾੜੇ ਦੇ ਅੰਦਰ ਹੀ ਨੋਚ-ਨੋਚ ਕੇ ਮਾਰ ਦਿੱਤਾ, ਜਦਕਿ ਇਕ ਵੱਛੀ ਨੂੰ ਉਹ ਘੜੀਸ ਕੇ ਆਪਣੇ ਨਾਲ ਲੈ ਗਏ, ਜਿਸ ਦਾ ਕੋਈ ਪਤਾ ਨਹੀਂ ਚੱਲ ਸਕਿਆ।
ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਅਵਾਰਾ ਕੁੱਤਿਆਂ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ। ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਖ਼ਦਸ਼ਾ ਪ੍ਰਗਟਾਇਆ ਕਿ ਇਹ ਕਾਰਾ ਹੱਡਾਰੋੜੀ ’ਤੇ ਰਹਿੰਦੇ ਕੁੱਤਿਆਂ ਵੱਲੋਂ ਕੀਤਾ ਗਿਆ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ’ਚ ਹੱਡਾਰੋੜੀ ਸਮੇਤ ਤਕਰੀਬਨ 25 ਕੁੱਤੇ ਹਨ ਅਤੇ ਕਈ ਵਾਰ ਬਾਹਰਲੇ ਪਿੰਡਾਂ ਦੇ ਕੁੱਤੇ ਵੀ ਇੱਥੇ ਆ ਜਾਂਦੇ ਹਨ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਅਵਾਰਾ ਕੁੱਤਿਆਂ ਦੇ ਹਮਲਿਆਂ ਦੀਆਂ ਵਧਦੀਆਂ ਘਟਨਾਵਾਂ ਬਾਰੇ ਵਧਦੀਆਂ ਚਿੰਤਾਵਾਂ ਵਿਚਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ, ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਜਾਨਵਰਾਂ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਂਦੇ ਹੋਏ ਅਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਇੰਨ-ਬਿੰਨ ਲਾਗੂ ਕਰੇਗੀ।
ਬੱਚਿਆਂ, ਬਜ਼ੁਰਗਾਂ ਅਤੇ ਪਰਿਵਾਰਾਂ ਨੂੰ ਜਨਤਕ ਥਾਵਾਂ ’ਤੇ ਬਿਨਾਂ ਕਿਸੇ ਡਰ ਤੋਂ ਘੁੰਮਣ-ਫਿਰਨ ਦੇ ਯੋਗ ਬਣਾਉਣ ਲਈ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਵਾਰਾ ਕੁੱਤਿਆਂ ਨੂੰ ਵੱਧ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਤਬਦੀਲ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਸਹੀ ਦੇਖਭਾਲ ਲਈ ਲੋੜੀਂਦੇ ਆਸਰਾ ਘਰ ਬਣਾਏ ਅਤੇ ਚਲਾਏ ਜਾਣਗੇ। ਉਨ੍ਹਾਂ ਮਨੁੱਖੀ ਜਾਨਾਂ ਤੇ ਜਾਨਵਰਾਂ ਦੀ ਭਲਾਈ ਦੋਵਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਈ।