ਪ੍ਰਧਾਨ ਜਸਵਿੰਦਰ ਰਾਣਾ ਦੀ ਅਗਵਾਈ ’ਚ ਆਡ਼੍ਹਤੀਆਂ ਦੇ ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਆਡ਼੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਇਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਆਡ਼੍ਹਤੀਆਂ ਦੀਆਂ ਮੰਗਾਂ ਸੰਬੰਧੀ ਇਕ ਮੰਗ ਪੱਤਰ ਵੀ ਸੌਂਪਿਆ। ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਰਾਜਪਾਲ ਨੂੰ ਦੱਸਿਆ ਕਿ ਆਡ਼੍ਹਤੀਆਂ ਲਈ 2.5 ਫ਼ੀਸਦੀ ਕਮਿਸ਼ਨ (ਦਾਮੀ) ਦੀ ਬਹਾਲੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਆਡ਼੍ਹਤੀਆਂ ਨੂੰ ਸਾਲ 2019 ਤੱਕ ਐੱਮ.ਐੱਸ.ਪੀ. ਦਰ ਦੇ ਅਨੁਸਾਰ 2.5 ਫ਼ੀਸਦੀ ਕਮਿਸ਼ਨ ਮਿਲਦਾ ਸੀ, ਜੋ ਕਿ 46 ਰੁਪਏ ਪ੍ਰਤੀ ਕੁਇੰਟਲ ਬਣਦਾ ਹੈ, ਪਰ ਸਰਕਾਰ ਵੱਲੋਂ ਪਿਛਲੇ ਲਗਭਗ 7 ਸਾਲਾਂ ਤੋਂ 46 ਰੁਪਏ ਪ੍ਰਤੀ ਕੁਇੰਟਲ ਤੇ ਰੋਕ ਲਗਾ ਦਿੱਤੀ ਹੈ। ਇਸ ਹਾਡ਼ੀ ਦੇ ਸੀਜ਼ਨ ਵਿੱਚ ਸਰਕਾਰ ਨੇ ਕਮਿਸ਼ਨ ਰੇਟ ਲਗਭਗ 4.75 ਰੁਪਏ ਦੇ ਆਸ-ਪਾਸ ਵਧਾ ਦਿੱਤਾ ਹੈ, ਜਿਸ ਨਾਲ ਇਸ ਸਮੇਂ ਆਡ਼੍ਹਤੀਆਂ ਨੂੰ ਪ੍ਰਤੀ ਕੁਇੰਟਲ 50.75 ਰੁਪਏ ਮਿਲਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਮਿਸ਼ਨ ਰੇਟ ’ਚ ਇਸ ਵਾਧੇ ਲਈ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਪਰ ਇਹ 2019 ਤੱਕ ਪਹਿਲਾਂ ਮਿਲਣ ਵਾਲੇ ਐਮ.ਐੱਸ.ਪੀ. ਦੇ ਅਨੁਸਾਰ ਪੂਰਾ 2.5 ਫ਼ੀਸਦੀ ਕਮਿਸ਼ਨ ਰੇਟ ਨਹੀਂ ਹੈ। ਜੇਕਰ ਅਸੀਂ ਇਸ ਸੀਜ਼ਨ ’ਚ ਐੱਮ.ਐੱਸ.ਪੀ ਅਨੁਸਾਰ 25 ਫ਼ੀਸਦੀ ਕਮਿਸ਼ਨ ਰੇਟ ਦਾ ਹਿਸਾਬ ਲਗਾਈਏ ਤਾਂ ਇਹ 64.62 ਰੁਪਏ ਪ੍ਰਤੀ ਕੁਇੰਟਲ ਬਣਦਾ ਹੈ। ਇਸ ਵੇਲੇ ਪ੍ਰਤੀ ਕੁਇੰਟਲ 13.87 ਰੁਪਏ ਦਾ ਵੱਡਾ ਅੰਤਰ ਹੈ। ਸੂਬਾ ਪ੍ਰਧਾਨ ਨੇ ਰਾਜਪਾਲ ਨੂੰ ਦੱਸਿਆ ਕਿ ਮੰਡੀ ਬੋਰਡ ਨੇ ਲੰਬੇ ਸਮੇਂ ਤੋਂ ਲੇਬਰ ਚਾਰਜਿਜ਼ ’ਚ ਸੋਧ ਨਹੀਂ ਕੀਤੀ ਹੈ। ਘੱਟ ਮਜ਼ਦੂਰੀ ਕਾਰਨ ਪ੍ਰਵਾਸੀ ਮਜ਼ਦੂਰ ਪੰਜਾਬ ਦੀਆਂ ਮੰਡੀਆਂ ਵਿੱਚ ਆਉਣ ਤੋਂ ਇਨਕਾਰ ਕਰ ਰਹੇ ਹਨ, ਜਿਸ ਕਾਰਨ ਲੇਬਰ ਦੀ ਭਾਰੀ ਘਾਟ ਹੈ। ਮੰਡੀ ਦੇ ਸੁਚਾਰੂ ਸੰਚਾਲਨ ਲਈ ਲੇਬਰ ਰੇਟਾਂ ਵਿੱਚ ਘੱਟੋ-ਘੱਟ 50 ਫ਼ੀਸਦੀ ਵਾਧਾ ਕੀਤਾ ਜਾਵੇ। ਇਸ ਤੋਂ ਇਲਾਵਾ, ਈ.ਪੀ.ਐੱਫ. ਵਿਭਾਗ ਵੱਲੋਂ ਮੰਡੀ ਮਜ਼ਦੂਰਾਂ ਲਈ ਈ.ਪੀ.ਐੱਫ. ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਪਰ ਮੰਡੀ ਮਜ਼ਦੂਰ ਪੂਰੀ ਤਰ੍ਹਾਂ ਪ੍ਰਵਾਸੀ ਅਤੇ ਅਸਥਾਈ ਹੁੰਦੇ ਹਨ, ਜੋ ਰੋਜ਼ਾਨਾ ਦੁਕਾਨਾਂ ਬਦਲਦੇ ਹਨ। ਵਫ਼ਦ ਨੇ ਸਵਾਲ ਉਠਾਇਆ ਕਿ ਭਾਰਤੀ ਖੁਰਾਕ ਨਿਗਮ ਅਤੇ ਰਾਜ ਏਜੰਸੀਆਂ 12 ਫ਼ੀਸਦੀ ਨਮੀ ’ਤੇ ਕਣਕ ਅਤੇ 17 ਫ਼ੀਸਦੀ ਨਮੀ ’ਤੇ ਝੋਨਾ ਖ਼ਰੀਦਦੀਆਂ ਹਨ ਹਾਲਾਂਕਿ, ਗੰਭੀਰ ਮੌਸਮ ਅਤੇ ਲਿਫਟਿੰਗ ਵਿੱਚ ਦੇਰੀ ਕਾਰਨ ਨਮੀ ਦਾ ਪੱਧਰ ਕੁਦਰਤੀ ਤੌਰ ’ਤੇ ਕਣਕ ਲਈ ਲਗਭਗ 9 ਫ਼ੀਸਦੀ ਅਤੇ ਝੋਨੇ ਲਈ 14 ਫ਼ੀਸਦੀ ਤੱਕ ਘੱਟ ਜਾਂਦਾ ਹੈ। ਇਸ ਕੁਦਰਤੀ ਸੁੱਕ ਕਾਰਨ ਭਾਰ ਘਟਣ ਦਾ ਖਾਮਿਆਜ਼ਾ ਆਡ਼੍ਹਤੀਆਂ ਨੂੰ ਭੁਗਤਣਾ ਪੈਂਦਾ ਹੈ, ਜਿਸ ਲਈ ਇਕ ਨਿਰਪੱਖ ਵਿਧੀ ਬਣਾਈ ਜਾਵੇ। ਇਸ ਵਫ਼ਦ ’ਚ ਰਜਿੰਦਰ ਕੁਮਾਰ ਅਰੋਡ਼ਾ (ਜਨਰਲ ਸਕੱਤਰ ਪੰਜਾਬ), ਪੁਨੀਤ ਜੈਨ (ਜਨਰਲ ਸਕੱਤਰ ਪੰਜਾਬ), ਰਣਜੀਤ ਅੌਜਲਾ (ਵਿੱਤ ਸਕੱਤਰ) ਅਤੇ ਸੰਜੀਵ ਕੁਮਾਰ (ਸਕੱਤਰ) ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ।