ਲੈਂਡ ਮੋਰਗੇਜ ਬੈਂਕ ਅੱਗੇ ਕਿਸਾਨਾਂ ਦਾ ਧਰਨਾ ਲਗਾਤਾਰ ਸੱਤਵੇਂ ਦਿਨ ਵੀ ਜਾਰੀ
ਲੈਂਡ ਮੋਰਗੇਜ ਬੈਂਕ ਅੱਗੇ ਕਿਸਾਨਾਂ ਦਾ ਧਰਨਾ ਲਗਾਤਾਰ ਸੱਤਵੇਂ ਦਿਨ ਵੀ ਜਾਰੀ
Publish Date: Sun, 24 May 2026 06:03 PM (IST)
Updated Date: Sun, 24 May 2026 06:04 PM (IST)

ਫ਼ੋਟੋ ਫ਼ਾਈਲ : 10 ਲੈਂਡ ਮੋਰਗੇਜ ਬੈਂਕ ਬਸੀ ਪਠਾਣਾ ਅੱਗੇ ਧਰਨਾ ਦੇ ਰਹੇ ਕਿਸਾਨ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਲੈਂਡ ਮੋਰਗੇਜ ਬੈਂਕ ਬਸੀ ਪਠਾਣਾ ਅੱਗੇ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਲੈਂਡ ਮੋਰਗੇਜ ਬੈਂਕ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਚੱਲ ਰਿਹਾ ਲਗਾਤਾਰ ਦਿਨ-ਰਾਤ ਦਾ ਧਰਨਾ ਸੱਤਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ ਖੋਜੇ ਮਾਜਰਾ ਨੇ ਕਿਹਾ ਕਿ ਕਿਸਾਨ ਸ਼ਾਹੂਕਾਰਾਂ ਤੋਂ ਬਚਣ ਲਈ ਸਹਿਕਾਰੀ ਬੈਂਕਾਂ ਤੋਂ ਆਪਣੀ ਫ਼ਸਲ ਪਾਲਣ ਲਈ ਕਰਜ਼ਾ ਲੈ ਕੇ ਖੇਤੀਬਾੜੀ ਕਰਦਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੇ ਆਪਣੇ ਅਦਾਰੇ ਲੈਂਡ ਮੋਰਗੇਜ ਬੈਂਕ ਵੱਲੋਂ ਸ਼ਾਹੂਕਾਰਾਂ ਦੁਆਰਾ ਕਿਸਾਨਾਂ ਦੀ ਕੀਤੀ ਜਾਂਦੀ ਲੁੱਟ ਨੂੰ ਵੀ ਪਿੱਛੇ ਛੱਡ ਦਿੱਤਾ ਗਿਆ ਹੈ। ਕਿਸਾਨਾਂ ਤੋਂ ਵੀਹ-ਵੀਹ ਗੁਣਾ ਵਿਆਜ ਸਮੇਤ ਪੈਸੇ ਵਸੂਲਣ ਤੋਂ ਬਾਅਦ ਉਨ੍ਹਾਂ ਨੂੰ ਕਲੀਅਰੈਂਸ ਸਰਟੀਫਿਕੇਟ ਦਿੱਤੇ ਗਏ ਸਨ। ਹੁਣ ਉਨ੍ਹਾਂ ਹੀ ਪੈਸੇ ਭਰ ਕੇ ਕਲੀਅਰੈਂਸ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਲੈਂਡ ਮੋਰਗੇਜ ਬੈਂਕ ਵੱਲੋਂ ਫਿਰ ਤੋਂ ਉਸੇ ਵਿਆਜ ਸਮੇਤ ਪੈਸੇ ਵਾਪਸ ਕਰ ਚੁੱਕੇ ਕਿਸਾਨਾਂ ਦੀ ਜ਼ਮੀਨ ਦੀ ਫ਼ਰਦ ਵਿੱਚ ਆੜ ਰਹਿਣ ਦੀਆਂ ਐਂਟਰੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀ ਅਗਵਾਈ ਵਾਲੇ ਲੈਂਡ ਮੋਰਗੇਜ ਬੈਂਕ ਵੱਲੋਂ ਕਿਸਾਨਾਂ ਤੋਂ ਲਏ ਗਏ ਖਾਲੀ ਚੈੱਕਾਂ ਨੂੰ ਅਦਾਲਤ ਵਿੱਚ ਲਗਾ ਕੇ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਇਸ ਸਬੰਧੀ ਅਨੇਕਾਂ ਹੀ ਸ਼ਿਕਾਇਤਾਂ ਸਮੇਤ ਸਬੂਤ ਕਿਸਾਨਾਂ ਵੱਲੋਂ ਬੀਕੇਯੂ ਏਕਤਾ ਸਿੱਧੂਪੁਰ ਜਥੇਬੰਦੀ ਕੋਲ ਪਹੁੰਚਾਏ ਜਾ ਚੁੱਕੇ ਹਨ। ਗੁਰਜਿੰਦਰ ਸਿੰਘ ਖੋਜੇ ਮਾਜਰਾ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਚਿਹਰਾ ਇਸ ਗੱਲ ਤੋਂ ਹੀ ਨੰਗਾ ਹੋ ਜਾਂਦਾ ਹੈ ਕਿ ਪਿਛਲੀ 30 ਮਾਰਚ ਤੋਂ ਲੈਂਡ ਮੋਰਗੇਜ ਬੈਂਕ ਫ਼ਰੀਦਕੋਟ ਅੱਗੇ ਪਿੰਡ ਹਰੀ ਨੌਂ ਦੇ ਦੋ ਸਕੇ ਭਰਾਵਾਂ ਨੂੰ ਇਨਸਾਫ਼ ਦਿਵਾਉਣ, ਬੈਂਕ ਵੱਲੋਂ ਲਏ ਗਏ ਖਾਲੀ ਚੈੱਕਾਂ ਨੂੰ ਵਾਪਸ ਕਰਵਾਉਣ ਅਤੇ ਬੈਂਕ ਦੀ ਭ੍ਰਿਸ਼ਟ ਅਫ਼ਸਰਸ਼ਾਹੀ ਵੱਲੋਂ ਕਿਸਾਨਾਂ ਨਾਲ ਕੀਤੀ ਗਈ ਧੋਖਾਧੜੀ ਦੇ ਦੋਸ਼ੀ ਅਫ਼ਸਰਾਂ ਨੂੰ ਸਜ਼ਾ ਦਿਵਾਉਣ ਲਈ ਲਗਾਤਾਰ ਦਿਨ ਰਾਤ ਧਰਨਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਅੰਦੋਲਨ ਨੂੰ ਹੋਰ ਤੇਜ਼ ਕਰਦੇ ਹੋਏ ਜਥੇਬੰਦੀ ਵੱਲੋਂ 12 ਤੋਂ ਵੱਧ ਹੋਰ ਜ਼ਿਲ੍ਹਿਆਂ ਵਿੱਚ ਲੈਂਡ ਮੋਰਗੇਜ ਬੈਂਕ ਦੀਆਂ ਮੇਨ ਬ੍ਰਾਂਚਾਂ ਨੂੰ ਬੰਦ ਕਰਕੇ ਉਨ੍ਹਾਂ ਦੇ ਅੱਗੇ ਵੀ ਧਰਨਾ ਦਿੱਤਾ ਜਾ ਰਿਹਾ ਹੈ ਪ੍ਰੰਤੂ ਮੁੱਖ ਮੰਤਰੀ ਵੱਲੋਂ ਪੀੜਤ ਕਿਸਾਨਾਂ ਨੂੰ ਇਨਸਾਫ਼ ਦੇਣ ਦੀ ਬਜਾਏ ਆਪਣੀ ਭ੍ਰਿਸ਼ਟ ਅਫ਼ਸਰਸ਼ਾਹੀ ਨੂੰ ਬੈਂਕ ਵੱਲੋਂ ਬਚਾਉਣ ਲਈ ਹੱਥਕੰਡੇ ਵਰਤੇ ਜਾ ਰਹੇ ਹਨ। ਕਿਸਾਨ ਆਗੂ ਪ੍ਰਕਾਸ਼ ਸਿੰਘ ਬੱਬਲ ਨੇ ਕਿਹਾ ਕਿ ਬੀਕੇਯੂ ਏਕਤਾ ਸਿੱਧੂਪੁਰ ਆਪਣੇ ਕਿਸਾਨਾਂ ਦੇ ਹੱਕਾਂ ਲਈ ਹਰ ਸੰਘਰਸ਼ ਲੜਨ ਲਈ ਬਚਨਬੱਧ ਹੈ ਅਤੇ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀਂ ਹੋਣ ਦੇਵੇਗੀ। ਲੈਂਡ ਮੋਰਗੇਜ ਬੈਂਕ ਦੇ ਭ੍ਰਿਸ਼ਟ ਅਫ਼ਸਰਾਂ, ਜਿਨ੍ਹਾਂ ਵੱਲੋਂ ਕਿਸਾਨਾਂ ਨਾਲ ਧੋਖਾਧੜੀ ਕੀਤੀ ਗਈ ਹੈ, ਨੂੰ ਬੀਕੇਯੂ ਏਕਤਾ ਸਿੱਧੂਪੁਰ ਸਜ਼ਾ ਦਿਵਾਉਣ ਤੋਂ ਬਾਅਦ ਹੀ ਚੈਨ ਨਾਲ ਬੈਠੇਗੀ। ਇਸ ਮੌਕੇ ਉਨ੍ਹਾਂ ਨਾਲ ਪ੍ਰਕਾਸ਼ ਸਿੰਘ ਬੱਬਲ, ਬਲਪ੍ਰੀਤ ਸਿੰਘ ਅਬਦੁੱਲਾਪੁਰ, ਅਵਤਾਰ ਸਿੰਘ ਖਰੌਡਾ, ਬਲਕਾਰ ਸਿੰਘ ਢੀਂਡਸਾ, ਨਵਪ੍ਰੀਤ ਸਿੰਘ ਖੋਜੇ ਮਾਜਰਾ ਅਤੇ ਹਜੂਰਾ ਸਿੰਘ ਬਾਲਾੜੀ ਆਦਿ ਕਿਸਾਨ ਆਗੂ ਮੌਜੂਦ ਸਨ।