ਰਾਜਾ ਰਣਧੀਰ ਸਿੰਘ ਓਲੰਪਿਕ ਕੌਂਸਲ ਆਫ਼ ਏਸ਼ੀਆ ਦੇ ਸਕੱਤਰ ਜਨਰਲ ਵਜੋਂ ਵੀ ਸੇਵਾਵਾਂ ਨਿਭਾਈਆਂ ਤੇ ਸਾਲ 2024 'ਚ ਉਹ ਓਲੰਪਿਕ ਕੌਂਸਲ ਆਫ਼ ਏਸ਼ੀਆ ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣੇ। ਉਹ 2001 ਤੋਂ 2014 ਤਕ ਕੌਮਾਂਤਰੀ ਓਲੰਪਿਕ ਕਮੇਟੀ ਦੇ ਮੈਂਬਰ ਵੀ ਰਹੇ। ਭਾਰਤ 'ਚ 2010 ਦੀਆਂ ਰਾਸ਼ਟਰਮੰਡਲ ਖੇਡਾਂ ਕਰਵਾਉਣ 'ਚ ਉਨ੍ਹਾਂ ਦਾ ਅਹਿਮ ਰੋਲ ਸੀ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਪਟਿਆਲਾ : ਭਾਰਤ ਦੇ ਦਿੱਗਜ ਖੇਡ ਪ੍ਰਸ਼ਾਸਕ ਤੇ ਮਸ਼ਹੂਰ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ ਦਾ 27 ਮਈ 2026 ਨੂੰ ਨਵੀਂ ਦਿੱਲੀ ਵਿਖੇ 79 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਉਮਰ ਨਾਲ ਸਬੰਧਤ ਬਿਮਾਰੀਆਂ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਚਲੇ ਜਾਣ ਨਾਲ ਭਾਰਤੀ ਤੇ ਅੰਤਰਰਾਸ਼ਟਰੀ ਖੇਡ ਜਗਤ ਅਤੇ ਪਟਿਆਲਾ ਸ਼ਾਹੀ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਹੈ। ਆਪਣੇ ਚਚੇਰੇ ਭਰਾ ਦੇ ਦੇਹਾਂਤ 'ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
With deep sorrow, I regret to inform you all that my brother, Raja Randhir Singh Ji, has passed away.
May Waheguru Ji grant eternal peace to the departed soul. pic.twitter.com/zUF5pCl8DU
— Capt.Amarinder Singh (@capt_amarinder) May 27, 2026
18 ਅਕਤੂਬਰ 1946 ਨੂੰ ਪਟਿਆਲਾ ਦੇ ਸ਼ਾਹੀ ਪਰਿਵਾਰ 'ਚ ਜਨਮੇ ਰਾਜਾ ਰਣਧੀਰ ਸਿੰਘ ਨੂੰ ਖੇਡਾਂ ਵਿਰਾਸਤ 'ਚ ਮਿਲੀਆਂ ਸਨ। ਉਹ ਇਕ ਬਿਹਤਰੀਨ ਸ਼ੂਟਰ ਸਨ ਜਿਨ੍ਹਾਂ ਨੇ ਟ੍ਰੈਪ ਤੇ ਸਕੀਟ ਮੁਕਾਬਲਿਆਂ 'ਚ ਦੇਸ਼ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਨੇ 1968 (ਮੈਕਸੀਕੋ) ਤੋਂ ਲੈ ਕੇ 1984 (ਲਾਸ ਏਂਜਲਸ) ਤਕ ਲਗਾਤਾਰ 5 ਓਲੰਪਿਕ ਖੇਡਾਂ 'ਚ ਭਾਰਤ ਦੀ ਨੁਮਾਇੰਦਗੀ ਕੀਤੀ।
1978 'ਚ ਬੈਂਕਾਕ ਏਸ਼ਿਆਈ ਖੇਡਾਂ ਦੌਰਾਨ ਉਨ੍ਹਾਂ ਟ੍ਰੈਪ ਸ਼ੂਟਿੰਗ 'ਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ। ਉਹ ਏਸ਼ਿਆਈ ਖੇਡਾਂ 'ਚ ਸ਼ੂਟਿੰਗ 'ਚ ਸੋਨਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। 1982 ਦੀਆਂ ਦਿੱਲੀ ਏਸ਼ਿਆਈ ਖੇਡਾਂ 'ਚ ਉਨ੍ਹਾਂ ਕਾਂਸੀ ਤੇ ਚਾਂਦੀ ਦੇ ਤਗਮੇ ਜਿੱਤੇ। ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਲਈ 1979 'ਚ ਉਨ੍ਹਾਂ ਨੂੰ ਵੱਕਾਰੀ ਅਰਜੁਨ ਐਵਾਰਡ ਨਾਲ ਨਿਵਾਜਿਆ ਗਿਆ ਸੀ।
ਰਾਜਾ ਰਣਧੀਰ ਸਿੰਘ ਸਿਰਫ਼ ਮੈਦਾਨ ਦੇ ਅੰਦਰ ਹੀ ਨਹੀਂ, ਬਲਕਿ ਮੈਦਾਨ ਤੋਂ ਬਾਹਰ ਵੀ ਇਕ ਕੁਸ਼ਲ ਪ੍ਰਸ਼ਾਸਕ ਵਜੋਂ ਜਾਣੇ ਜਾਂਦੇ ਸਨ। ਉਹ ਲੰਬੇ ਸਮੇਂ ਤਕ (1987-2014) ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਹੇ। ਉਨ੍ਹਾਂ ਓਲੰਪਿਕ ਕੌਂਸਲ ਆਫ਼ ਏਸ਼ੀਆ ਦੇ ਸਕੱਤਰ ਜਨਰਲ ਵਜੋਂ ਵੀ ਸੇਵਾਵਾਂ ਨਿਭਾਈਆਂ ਤੇ ਸਾਲ 2024 'ਚ ਉਹ ਓਲੰਪਿਕ ਕੌਂਸਲ ਆਫ਼ ਏਸ਼ੀਆ ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣੇ। ਉਹ 2001 ਤੋਂ 2014 ਤਕ ਕੌਮਾਂਤਰੀ ਓਲੰਪਿਕ ਕਮੇਟੀ ਦੇ ਮੈਂਬਰ ਵੀ ਰਹੇ। ਭਾਰਤ 'ਚ 2010 ਦੀਆਂ ਰਾਸ਼ਟਰਮੰਡਲ ਖੇਡਾਂ ਕਰਵਾਉਣ 'ਚ ਉਨ੍ਹਾਂ ਦਾ ਅਹਿਮ ਰੋਲ ਸੀ।