ਭਾਸ਼ਾ ਵਿਭਾਗ ਪੰਜਾਬ ਨੇ ਮਨਾਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮਦਿਨ

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ,• ਪਟਿਆਲਾ : ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਵਿਚਾਰ ਚਰਚਾ ਅਤੇ ਕਵੀ ਦਰਬਾਰ ਦਾ ਆਯੋਜਨ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ ਮੈਡੀਕਲ ਕਾਲਜਜ਼ ਸਰਾਭਾ ਵਿਖੇ ਕਰਵਾਇਆ ਗਿਆ। ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਦੋ ਪੜਾਵਾਂ ਵਾਲੇ ਸਮਾਗਮ ਦੌਰਾਨ ਜਿੱਥੇ ਬੁਲਾਰਿਆਂ ਵੱਲੋਂ ਸ਼ਹੀਦ ਸਰਾਭਾ ਦੀ ਗਦਰ ਲਹਿਰ ਤੇ ਗਦਰ ਸਾਹਿਤ ਨੂੰ ਦੇਣ ਬਾਰੇ ਵਿਚਾਰ ਚਰਚਾ ਕੀਤੀ ਗਈ, ਉੱਥੇ ਸ਼ਹੀਦ ਸਰਾਭਾ ਤੇ ਗਦਰ ਲਹਿਰ ਨਾਲ ਸਬੰਧਤ ਕਵਿਤਾਵਾਂ ’ਤੇ ਅਧਾਰਤ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ। ਸਮਾਗਮ ਦੀ ਸਫਲਤਾ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਟਰਸਟ ਦੇ ਸੰਚਾਲਕ ਅਵਤਾਰ ਸਿੰਘ, ਕਰਨਲ ਰਣਧੀਰ ਸਿੰਘ, ਸਾਧੂ ਸਿੰਘ, ਜਸਵਿੰਦਰ ਰਾਣਾ, ਪਰਮਜੀਤ ਸਿੰਘ ਤੇ ਕਲੱਬ ਪ੍ਰਧਾਨ ਦਵਿੰਦਰ ਸਿੰਘ ਹੋਰਾਂ ਨੇ ਭਰਵਾਂ ਯੋਗਦਾਨ ਪਾਇਆ। ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ. ਸੰਦੀਪ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋ. ਜਗਮੋਹਨ ਸਿੰਘ ਦੀ ਪ੍ਰਧਾਨਗੀ ’ਚ ਹੋਈ ਵਿਚਾਰ ਚਰਚਾ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਜਸਵੀਰ ਸਿੰਘ ਨੇ ਕੀਤੀ। ਉਨ੍ਹਾਂ ‘ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਗਦਰ ਲਹਿਰ’ ਬਾਰੇ ਬੋਲਦਿਆਂ ਕਿਹਾ ਕਿ ਸ਼ਹੀਦ ਸਰਾਭਾ ਵਰਗੇ ਜੋਸ਼ੀਲੇ ਤੇ ਸੂਝਵਾਨ ਦੇਸ਼ ਭਗਤਾਂ ਦੇ ਯਤਨਾਂ ਸਦਕਾ ਸਿਰਜੀ ਗਈ ਗਦਰ ਲਹਿਰ ਨੇ ਅੰਗਰੇਜ਼ੀ ਸਰਕਾਰ ਅੰਦਰ ਇੱਕ ਅਜਿਹਾ ਡਰ ਬੈਠਾ ਦਿੱਤਾ ਸੀ ਕਿ ਅਜ਼ਾਦੀ ਲਈ ਭਾਰਤ ਵਸਦੇ ਜੁਝਾਰੂ ਲੋਕ ਹੀ ਕੇਵਲ ਸੰਘਰਸ਼ ਕਰਨ ਦੇ ਰੌਅ ਵਿੱਚ ਨਹੀਂ ਹਨ ਸਗੋਂ ਵਿਦੇਸ਼ਾਂ ’ਚ ਬੈਠੇ ਭਾਰਤੀ ਵੀ ਵਿਸ਼ਵ ਪੱਧਰ ’ਤੇ ਵੀ ਆਪਣੇ ਮੁਲਕ ਦੀ ਅਜ਼ਾਦੀ ਲਈ ਆਵਾਜ਼ ਚੁੱਕ ਰਹੇ ਹਨ। ਡਾ. ਸੁਮੇਲ ਸਿੰਘ ਸਿੱਧੂ ਨੇ ‘ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਗਦਰ ਸਾਹਿਤ’ ਬਾਰੇ ਕਿਹਾ ਕਿ ਗਦਰ ਸਾਹਿਤ ਨੇ ਦਰਸਾ ਦਿੱਤਾ ਸੀ ਕਿ ਸਾਹਿਤ ਕਿਉਂ ਲਿਖਿਆ ਤੇ ਕਿਉਂ ਪੜ੍ਹਿਆ ਜਾਂਦਾ ਹੈ। ਉਨ੍ਹਾਂ ਦੇ ਸਾਹਿਤ ਦੇ ਆਦਰਸ਼ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਸਿੱਖ ਗੁਰੂ ਸਨ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਗਦਰ ਲਹਿਰ ਨਾਲ ਜੁੜੀ ਬੀਬੀ ਗੁਲਾਬ ਕੌਰ ਦੀ ਸ਼ਖ਼ਸੀਅਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਸਮਿਆਂ ਵਿਚ ਵੀ ਗਦਰੀ, ਔਰਤਾਂ ਨੂੰ ਪੜਾਉਣ ਤੇ ਬਰਾਬਰ ਦਾ ਰੁਤਬਾ ਦੇਣ ਲਈ ਵਚਨਬੱਧ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨਾਨੀ (ਸਹੀਦ ਭਗਤ ਸਿੰਘ ਦੀ ਮਾਤਾ) ਨੇ ਦੱਸਿਆ ਸੀ ਕਿ ਇੱਕ ਵਾਰ ਕਰਤਾਰ ਸਿੰਘ ਸਰਾਭਾ ਉਨ੍ਹਾਂ ਦੇ ਘਰ ਆਇਆ ਤਾਂ ਕਿਸ਼ਨ ਸਿੰਘ (ਸ਼ਹੀਦ ਭਗਤ ਸਿੰਘ ਦੇ ਪਿਤਾ) ਨੇ ਉਸ ਨੂੰ ਇੱਕ ਹਜ਼ਾਰ ਰੁਪਏ ਦਿੱਤੇ। ਇਸ ਫੇਰੀ ਨੇ ਭਗਤ ਸਿੰਘ ਗਹਿਰਾ ਪ੍ਰਭਾਵ ਪਾਇਆ ਤੇ ਉਸ ਨੇ ਸ਼ਹੀਦ ਸਰਾਭਾ ਨੂੰ ਆਪਣਾ ਗੁਰੂ ਧਾਰ ਲਿਆ। ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲੀ ਵਾਰ ਸ਼ਹੀਦ ਸਰਾਭਾ ਦੀ ਯਾਦ ਵਿਚ ਸਮਾਗਮ ਕਰਵਾਉਣ ਦੀ ਸ਼ਲਾਘਾ ਕੀਤੀ। ਅਖੀਰ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ ਮੈਡੀਕਲ ਕਾਲਜਿਜ਼ ਦੇ ਚੇਅਰਮੈਨ ਅਵਤਾਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ਦੇ ਦੂਸਰੇ ਪੜਾਅ ਕਵੀ ਦਰਬਾਰ ਦੀ ਪ੍ਰਧਾਨਗੀ ਉੱਘੇ ਸ਼ਾਇਰ ਤੇ ਪੱਤਰਕਾਰ ਸੀ. ਮਾਰਕੰਡਾ ਨੇ ਕੀਤੀ। ਪ੍ਰਿੰ. ਮਹਿੰਦਰ ਕੌਰ ਗਰੇਵਾਲ ਨੇ ਆਪਣੀ ਕਵਿਤਾ ‘ਕੀ ਆਖਾ ਵੀਰ ਸਰਾਭੇ ਨੂੰ’ ਰਾਹੀਂ ਪੰਜਾਬ ਦੇ ਅਜੋਕੇ ਸੰਘਰਸ਼ੀ ਲੋਕਾਂ ਦੀ ਗੱਲ ਕੀਤੀ । ਕਰਮਜੀਤ ਗਰੇਵਾਲ ਲਲਤੋਂ ਕਲਾਂ ਨੇ ‘ਇਕ ਗੱਭਰੂ ਉਨੀ ਸਾਲਾਂ ਦਾ’ ਗੀਤ ਤੁਰੰਨਮ ’ਚ ਗਾ ਕੇ ਮਾਹੌਲ ਨੂੰ ਜੋਸ਼ ਪ੍ਰਦਾਨ ਕੀਤਾ। ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਦੀਆਂ ਵਿਦਿਆਰਥਣਾਂ ਨੇ ‘ਦੇਸ਼ ਲਈ ਡੁੱਲ-ਡੁੱਲ ਪੈਂਦਾ ਪਿਆਰ ਸਰਾਭੇ ਦਾ’ ਅਤੇ ‘ਪਿੰਡ ਸਰਾਭੇ ਜੰਮਿਆ ਜੀਹਦਾ ਨਾ ਕਰਤਾਰ’ ਰਾਹੀਂ ਸਰੋਤਿਆਂ ਨੂੰ ਨਵਾਂ ਹਲੂਣਾ ਦਿੱਤਾ। ਇੰਦਰਜੀਤ ਕੌਰ ਵਡਾਲਾ ਗ੍ਰੰਥੀਆਂ ਨੇ ‘ਗਦਰ ਦੀ ਅੱਗ ਸੀ ਸੀਨੇ ਉਹ ਤਿੱਖੀ ਤਲਵਾਰ ਵਰਗਾ ਸੀ’ ਕਵਿਤਾ ਰਾਹੀਂ ਸਰਾਭਾ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ। ਸਿਡਨੀ (ਆਸਟਰੇਲੀਆ) ਤੋਂ ਆਏ ਕਵੀ ਪ੍ਰਗਟ ਸਿੰਘ ਗਿੱਲ ਬਾਗੀ ਨੇ ‘ਅਜ਼ਾਦੀ ਦਾ ਦੀਵਾ’ ਕਵਿਤਾ ਰਾਹੀਂ ਗਦਰ ਲਹਿਰ ਨੂੰ ਦੇਸ਼ ਦੀ ਅਜ਼ਾਦੀ ਲਈ ਇਕ ਚਿਣਗ ਵਜੋਂ ਸੰਬੋਧਤ ਕੀਤਾ। ਇਸ ਤੋਂ ਇਲਾਵਾ ਅਮਰਦੀਪ ਕੌਰ ਮੋਹਾਲੀ, ਪ੍ਰੋ. ਸਤਵੰਤ ਸਿੰਘ ਕੰਵਲ, ਅਵਤਾਰਜੀਤ ਸਿੰਘ, ਰਾਜਵੀਰ ਮੱਤਾ, ਤੇਜਿੰਦਰ ਮਾਰਕੰਡਾ, ਜਸਵੰਤ ਕੌਰ ਮਨਸੂਰਾਂ, ਸੰਨੀ ਵਰਮਾ ਚਕੋਹੀ ਤੇ ਨਵਜੋਤ ਕੌਰ ਭੁੱਲਰ (ਅੰਮ੍ਰਿਤਸਰ) ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਸ਼ਹੀਦ ਨੂੰ ਯਾਦ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸੀ. ਮਾਰਕੰਡਾ ਨੇ ਭਾਸ਼ਾ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿ ਕਿਹਾ ਕਿ ਭਾਵੇਂ ਕਿੰਨੀ ਵੀ ਤਕਨਾਲੋਜੀ ਆ ਜਾਵੇ ਪਰ ਸਾਹਿਤ ਰਚਨ ਤੇ ਪੜ੍ਹਨ ਦੀ ਅਹਿਮੀਅਤ ਕਦੇ ਵੀ ਘਟਣੀ ਨਹੀਂ। ਸਾਰੇ ਬੁਲਾਰਿਆਂ ਤੇ ਕਵੀਆਂ ਦਾ ਭਾਸ਼ਾ ਵਿਭਾਗ ਵੱਲੋਂ ਵਿਭਾਗੀ ਸ਼ਾਲਾਂ ਤੇ ਪੁਸਤਕਾਂ ਦੇ ਸੈੱਟਾਂ ਨਾ; ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਖ਼ੂਬੀ ਕੀਤਾ। ਇਸ ਮੌਕੇ ਸੀ.ਐਮ.ਓ. ਲੁਧਿਆਣਾ ਡਾ. ਰਮਨਦੀਪ ਕੌਰ, ਮੇਜ਼ਬਾਨ ਕਾਲਜ ਦੀ ਪ੍ਰਿੰ. ਪ੍ਰਭਜੋਤ ਕੌਰ ਸੈਣੀ, ਸਾਬਕਾ ਪ੍ਰਿੰ. ਮਹਿੰਦਰ ਕੌਰ ਗਰੇਵਾਲ, ਡਾ. ਬਲਜੀਤ ਸਿੰਘ ਵਿਰਕ, ਖੋਜ ਸਹਾਇਕ ਹਰਪ੍ਰੀਤ ਸਿੰਘ,ਸਮੇਤ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।