ਅਰਬਨ ਐਸਟੇਟ ਫੇਜ਼-2 ਦੇ ਜੁਆਇੰਟ ਸਕੱਤਰ ’ਤੇ ਹਮਲਾ, ਲੋਕਾਂ ’ਚ ਰੋਸ
ਅਰਬਨ ਐਸਟੇਟ ਫੇਜ਼-2 ਦੇ ਜੋਇੰਟ ਸਕੱਤਰ ’ਤੇ ਹਮਲਾ, ਲੋਕਾਂ ’ਚ ਰੋਸ
Publish Date: Sun, 24 May 2026 06:09 PM (IST)
Updated Date: Sun, 24 May 2026 06:10 PM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ•, ਪਟਿਆਲਾ : ਸਥਾਨਕ ਅਰਬਨ ਅਸਟੇਟ ਫੇਜ਼-2 ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਜੇ.ਪੀ. ਸਿੰਘ ਨਾਲ ਕੁੱਟਮਾਰ ਅਤੇ ਧੱਕਾਮੁੱਕੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸ਼ਰਮਨਾਕ ਘਟਨਾ ਕਾਰਨ ਸਥਾਨਕ ਨਿਵਾਸੀਆਂ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ, ਘਟਨਾ ਤੋਂ ਤੁਰੰਤ ਬਾਅਦ ਜ਼ਖ਼ਮੀ ਹਾਲਤ ਵਿਚ ਜੇ.ਪੀ. ਸਿੰਘ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਥਾਣਾ ਅਰਬਨ ਅਸਟੇਟ ਦੀ ਟੀਮ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਅਰਬਨ ਅਸਟੇਟ ਫੇਜ਼-2 ਦੇ ਰਹਿਣ ਵਾਲੇ ਸ਼ੁਭਮ ਭਾਟੀਆ ਦੇ ਖ਼ਿਲਾਫ਼ ਐਫ.ਆਈ.ਆਰ. ਨੰਬਰ 111 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੇ ਵਿਰੋਧ ਵਿੱਚ ਅਰਬਨ ਅਸਟੇਟ ਫੇਜ਼-2 ਦੇ ਪਾਰਕ ਨੰਬਰ 25 ਵਿਖੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੀ ਇਕ ਹੰਗਾਮੀ (ਐਮਰਜੈਂਸੀ) ਮੀਟਿੰਗ ਸੱਦੀ ਗਈ। ਇਹ ਮੀਟਿੰਗ ਐਡਵੋਕੇਟ ਯੁਵਰਾਜ ਸਿੰਘ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਮੀਟਿੰਗ ਵਿੱਚ ਸੈਕਟਰੀ ਸਾਗਰ ਤਿਆਗੀ, ਵਾਈਸ ਪ੍ਰਧਾਨ ਪੀ.ਕੇ. ਸਿੰਗਲਾ, ਕੈਸ਼ੀਅਰ ਜਿੱਤ ਸਿੰਘ, ਕਰਨਲ ਅਵਤਾਰ ਸਿੰਘ, ਜਗਦੀਪ ਸਿੰਘ, ਡਾ. ਰਣਜੀਤ ਸਿੰਘ, ਸੋਮ ਨਾਥ ਡਾਲੀਆ, ਚੈਨ ਸਿੰਘ, ਜਤਿੰਦਰ ਚੋਪੜਾ, ਕਰਮਜੀਤ ਸਿੰਘ ਨਾਗਰਾ, ਭੁਪਿੰਦਰ ਸਿੰਘ ਵਾਲੀਆ, ਅਤੇ ਹਰਿਹੰਦ ਸਲੂਜਾ ਵਿਸ਼ੇਸ਼ ਤੌਰ ਤੇ ਸ਼ਾਮਲ ਸਨ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਜੇ.ਪੀ. ਸਿੰਘ ’ਤੇ ਹੋਏ ਜਾਨਲੇਵਾ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਐਸੋਸੀਏਸ਼ਨ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਅਸਮਾਜਿਕ ਤੱਤਾਂ ਦੀਆਂ ਗਤੀਵਿਧੀਆਂ ਲਗਾਤਾਰ ਵਧ ਰਹੀਆਂ ਹਨ। ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਕਿਸੇ ਵੀ ਰਿਹਾਇਸ਼ੀ ਖੇਤਰ ਵਿੱਚ ਗੁੰਡਾਗਰਦੀ, ਧੱਕੇਸ਼ਾਹੀ ਅਤੇ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਹਰਕਤ ਨਾ ਕਰ ਸਕੇ। ਮੀਟਿੰਗ ਦੇ ਅੰਤ ਵਿਚ ਪ੍ਰਧਾਨ ਐਡਵੋਕੇਟ ਯੁਵਰਾਜ ਸਿੰਘ ਅਤੇ ਹੋਰ ਅਹੁਦੇਦਾਰਾਂ ਨੇ ਸਪੱਸ਼ਟ ਕੀਤਾ ਕਿ ਇਲਾਕੇ ਦੀ ਅਮਨ-ਸ਼ਾਂਤੀ, ਕਾਨੂੰਨ ਦੀ ਪਾਲਣਾ ਅਤੇ ਭਾਈਚਾਰਕ ਏਕਤਾ ਬਣਾਈ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਪੀੜਤ ਜੇ.ਪੀ. ਸਿੰਘ ਨੂੰ ਪੂਰਨ ਇਨਸਾਫ਼ ਨਹੀਂ ਮਿਲ ਜਾਂਦਾ, ਉਦੋਂ ਤੱਕ ਐਸੋਸੀਏਸ਼ਨ ਕਾਨੂੰਨੀ ਅਤੇ ਲੋਕਤਾਂਤਰਿਕ ਤਰੀਕੇ ਨਾਲ ਇਸ ਲੜਾਈ ਨੂੰ ਡਟ ਕੇ ਲੜੇਗੀ।