ਬਸੀ ਪਠਾਣਾਂ ਚੋਣਾਂ ’ਚ 16,094 ਵੋਟਰ ਕਰਨਗੇ 77 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ
ਬਸੀ ਪਠਾਣਾਂ ਨਗਰ ਕੌਂਸਲ ਚੋਣਾਂ ’ਚ 16 ਹਜ਼ਾਰ 94 ਵੋਟਰ ਕਰਨਗੇ 77 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ
Publish Date: Sun, 24 May 2026 06:47 PM (IST)
Updated Date: Sun, 24 May 2026 06:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪ੍ਰਸ਼ਾਸਨ ਵੱਲੋਂ 26 ਮਈ ਨੂੰ ਹੋਣ ਜਾ ਰਹੀ ਨਗਰ ਕੌਂਸਲ ਬੱਸੀ ਪਠਾਣਾਂ ਦੀ ਚੋਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਕੌਂਸਲ ਦੇ 15 ਵਾਰਡਾਂ ਦੇ 16 ਹਜ਼ਾਰ 94 ਵੋਟਰਾਂ ਲਈ 19 ਬੂਥ ਬਣਾਏ ਗਏ ਹਨ, ਜੋ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਕੇ 77 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਨ੍ਹਾਂ ਵੋਟਰਾਂ ’ਚ 7 ਹਜ਼ਾਰ 797 ਔਰਤਾਂ ਤੇ 8 ਹਜ਼ਾਰ 297 ਪੁਰਸ਼ ਸ਼ਾਮਲ ਹਨ। ਪਾਰਟੀਬਾਜ਼ੀ ਕਾਰਨ ਝਗੜੇ ਦੀ ਸੰਭਾਵਨਾ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ 3 ਬੂਥ ਅਤਿ ਸੰਵੇਦਨਸ਼ੀਲ ਤੇ 5 ਸੰਵੇਦਨਸ਼ੀਲ ਐਲਾਨੇ ਗਏ ਹਨ। ਵਾਰਡ ਨੰਬਰ 4 ਦੀ ਵੋਟਿੰਗ ਲਈ ਐਸਡੀਏਵੀ ਮਾਡਰਨ ਕੋਸਮਿਕ ਸਕੂਲ ’ਚ ਸਥਿਤ ਬੂਥ ਨੰਬਰ 5 ਅਤਿ ਸੰਵੇਦਨਸ਼ੀਲ ਹੈ। ਵਾਰਡ 1 ਦਾ ਬੂਥ ਨੰਬਰ 1 ਲਾਲਾ ਲਾਜਪਤ ਰਾਏ ਸਕੂਲ ਸੰਵੇਦਨਸ਼ੀਲ, ਵਾਰਡ 3 ਦੇ ਨਗਰ ਕੌਂਸਲ ਦਫ਼ਤਰ ’ਚ ਬਣਾਏ ਦੋਵੇਂ ਬੂਥ ਸੰਵੇਦਨਸ਼ੀਲ, ਵਾਰਡ ਨੰਬਰ 9 ਦੇ ਐਸਡੀ ਸਰਵਹਿੱਤਕਾਰੀ ਵਿਦਿਆ ਮੰਦਰ ’ਚ ਸਥਿਤ ਬੂਥ ਨੰਬਰ 11 ਤੇ 12 ਅਤਿ ਸੰਵੇਦਨਸ਼ੀਲ, ਵਾਰਡ 10 ਤੇ 11 ਦੇ ਲਾਲਾ ਲਾਜਪਤ ਰਾਏ ਸਕੂਲ ’ਚ ਸਥਿਤ ਬੂਥ ਨੰਬਰ 13 ਤੇ 14 ਨੂੰ ਸੰਵੇਦਨਸ਼ੀਲ ਦੇ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਅਮਨ-ਅਮਾਨ ਨਾਲ ਵੋਟਿੰਗ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸਾਰੇ ਬੂਥਾਂ ’ਤੇ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਹਨ ਅਤੇ ਵਾਧੂ ਪੁਲਿਸ ਫੋਰਸ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਡੀਐਸਪੀ ਰਾਜ ਕੁਮਾਰ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਚੋਣਾਂ ਨੂੰ ਸ਼ਾਂਤੀਪੂਰਵਕ ਨਿਪਟਾਉਣ ਲਈ ਵਚਨਬੱਧ ਹੈ, ਜਿਸ ਦੇ ਲਈ ਵਾਧੂ ਪੁਲਿਸ ਫੋਰਸ ਦਾ ਪ੍ਰਬੰਧ ਕੀਤਾ ਗਿਆ ਹੈ। ਹਾਈਪਰ ਸੈਂਸਟਿਵ ਤੇ ਸੈਂਸਟਿਵ ਬੂਥਾਂ ’ਤੇ ਵਾਧੂ ਫੋਰਸ ਤਾਇਨਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗਸ਼ਤੀ ਟੀਮਾਂ ਵੱਲੋਂ ਸ਼ਹਿਰ ’ਚ ਘੁੰਮ ਕੇ ਮਾੜੇ ਅਨਸਰਾਂ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਸਮਾਂ ਰਹਿੰਦਿਆਂ ਰੋਕਿਆ ਜਾ ਸਕੇ। ਚੋਣ ਅਮਲੇ ਦੇ ਨਾਲ- ਨਾਲ ਪੁਲਿਸ ਫੋਰਸ ਨੂੰ ਸੋਮਵਾਰ ਨੂੰ ਹੀ ਬੂਥਾਂ ’ਤੇ ਤਾਇਨਾਤ ਕਰ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਬਿਨਾਂ ਕਿਸੇ ਖ਼ੌਫ਼ ਤੋਂ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਮਾੜੇ ਅਨਸਰਾਂ ਨੂੰ ਚਿਤਾਵਨੀ ਵੀ ਦਿੱਤੀ।