ਭਾਰਤ ਭੂਸ਼ਣ ਗੋਇਲ, ਸਮਾਣਾ : ਪ੍ਰੇਮ ਸਬੰਧਾਂ ਕਾਰਨ ਆਪਣੀ ਪ੍ਰੇਮਿਕਾ ਨੂੰ ਉਸ ਦੇ ਪਿੰਡ ਰਾਤ ਸਮੇਂ ਮਿਲਣ ਗਏ 24 ਸਾਲਾ ਖਾਨਪੁਰ ਗਾੜੀਆਂ ਦੇ ਨੌਜਵਾਨ ਨੂੰ ਪ੍ਰੇਮਿਕਾ ਦੇ ਭਰਾਵਾਂ ਨੇ ਰੰਗੇ ਹੱਥੀਂ ਫੜ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਅਮਰਜੀਤ ਸਿੰਘ ਉਰਫ਼ ਸੋਨੀ (24) ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਖਾਨਪੁਰ ਗਾੜੀਆਂ ਵਜੋਂ ਹੋਈ ਹੈ। ਸਮਾਣਾ ਪੁਲਿਸ ਨੇ ਪ੍ਰੇਮਿਕਾ ਤੇ ਉਸ ਦੇ ਦੋਵੇਂ ਭਰਾਵਾਂ ਖ਼ਿਲਾਫ਼ ਆਈਪੀਸੀ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।

ਸਦਰ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਮ੍ਰਿਤਕ ਦੇ ਚਾਚਾ ਹਰਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਖਾਨਪੁਰ ਗਾੜੀਆਂ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਵੱਡੇ ਭਰਾ ਲਖਵਿੰਦਰ ਸਿੰਘ ਅਤੇ ਭਤੀਜੇ ਅਮਰਜੀਤ ਸਿੰਘ ਉਰਫ਼ ਸੋਨੀ ਨਾਲ ਪਿੰਡ ਅਚਰਾਲ ਖੁਰਦ ਵਿਖੇ ਕਿਸੇ ਕੰਮ ਰਾਤ ਕਰੀਬ 11 ਵਜੇ ਵਾਪਸ ਆ ਰਹੇ ਸਨ। ਰਸਤੇ ਵਿਚ ਅਮਰਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਪਿੰਡ ਫਤਿਹਮਾਜਰੀ ਵਿਖੇ ਆਪਣੇ ਦੋਸਤ ਹਰਪ੍ਰੀਤ ਸਿੰਘ ਉਰਫ਼ ਹਰੀਆ ਨਾਲ ਕੋਈ ਜ਼ਰੂਰੀ ਕੰਮ ਹੈ ਤੇ ਉਹ ਉਸ ਨੂੰ ਮਿਲ ਕੇ ਵਾਪਸ ਪਿੰਡ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਉਸ ਨੂੰ ਉੱਥੇ ਛੱਡ ਕੇ ਪਿੰਡ ਖਾਨਪੁਰ ਗਾੜੀਆਂ ਵਾਪਸ ਆ ਗਏ। ਜਦੋਂ ਰਾਤ ਕਾਫੀ ਦੇਰ ਤਕ ਉਹ ਘਰ ਵਾਪਸ ਨਾ ਆਇਆ ਤਾਂ ਪਤਾ ਕਰਨ ਪਿੰਡ ਫਤਿਹਮਾਜਰੀ ਪੁੱਜੇ ਜਿੱਥੇ ਹਰਪ੍ਰੀਤ ਸਿੰਘ ਉਰਫ਼ ਹਰੀਆ ਅਤੇ ਉਸ ਦਾ ਭਰਾ ਜਸਪ੍ਰੀਤ ਸਿੰਘ ਜੱਸਾ ਅਮਰਜੀਤ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਮਾਰ ਰਹੇ ਸਨ ਤੇ ਨਾਲ ਹੀ ਉਨ੍ਹਾਂ ਦੀ ਭੈਣ ਸੁਖਪ੍ਰੀਤ ਕੌਰ ਖੜ੍ਹੀ ਸੀ। ਉਨ੍ਹਾਂ ਦੱਸਿਆ ਕਿ ਅਮਰਜੀਤ ਸਿੰਘ ਅਤੇ ਸੁਖਪ੍ਰੀਤ ਕੌਰ ਆਪਸ ਵਿਚ ਚੋਰੀ ਛਿਪੇ ਮਿਲਦੇ ਸਨ ਤੇ ਅੱਜ ਵੀ ਅਮਰਜੀਤ ਸਿੰਘ ਸੁਖਪ੍ਰੀਤ ਕੌਰ ਨੂੰ ਮਿਲਣ ਆਇਆ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਭਰਾਵਾਂ ਨੇ ਅਮਰਜੀਤ ਸਿੰਘ ਦਾ ਮੂੰਹ ਬੰਨ੍ਹ ਕੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਮਾਰਕੁੱਟ ਕਰ ਕੇ ਮਰਿਆ ਸਮਝ ਕੇ ਉੱਥੇ ਹੀ ਛੱਡ ਕੇ ਚਲੇ ਗਏ ਜਿਸ ਨੂੰ ਅਸੀਂ ਸਿਵਲ ਹਸਪਤਾਲ ਚੁੱਕ ਕੇ ਲਿਆਂਦਾ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸਦਰ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮ੍ਰਿਤਕ ਅਮਰਜੀਤ ਸਿੰਘ ਦੀ ਪ੍ਰੇਮਿਕਾ ਸੁਖਪ੍ਰੀਤ ਕੌਰ ਅਤੇ ਉਸ ਦੇ ਦੋਵਾਂ ਭਰਾਵਾਂ ਹਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 302, 34 ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ। ਇਸ ਬਾਰੇ ਸਦਰ ਥਾਣਾ ਮੁਖੀ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਸ਼ੀ ਦੋਵੇਂ ਭਰਾਵਾਂ ਅਤੇ ਲੜਕੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਉਨ੍ਹਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

Posted By: Amita Verma