ਪੱਤਰ ਪੇ੍ਰਕ, ਪਟਿਆਲਾ : ਪਾਵਰਕਾਮ ’ਚ ਨੌਕਰੀ ਲੈਣ ਲਈ ਅਪ੍ਰੈਂਟਿਸਸ਼ਿਪ ਕਰ ਚੁੱਕੇ ਨੌਜਵਾਨਾਂ ਵੱਲੋਂ ਨੰਗੇ ਧੜ ਰੋਸ ਪ੍ਰਦਰਸ਼ਨਕ ਕੀਤਾ ਗਿਆ। ਇਸ ਦੌਰਾਨ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੀਐੱਸਪੀਸੀਐੱਲ ਅਧੀਨ 2100 ਸਹਾਇਕ ਲਾਈਨਮੈਨਾਂ ਦੀ ਭਰਤੀ ਕੱਢੀ ਗਈ ਸੀ, ਜਿਸ ’ਚ ਅਪ੍ਰੈਂਟਿਸਸ਼ਿਪ ਕਰ ਚੁੱਕੇ ਤੇ ਕਰ ਰਹੇ ਉਮੀਦਵਾਰਾਂ ਵੱਲੋਂ ਫਾਰਮ ਭਰੇ ਗਏ ਸੀ। ਇਨ੍ਹਾਂ ਅਸਾਮੀਆਂ ਲਈ ਇਕ ਪ੍ਰੀਖਿਆ ਨਿਰਧਾਰਿਤ ਕੀਤੀ ਗਈ ਸੀ। ਅਪ੍ਰੈਂਟਿਸਸ਼ਿਪ ਕਰ ਰਹੇ ਉਮੀਦਵਾਰ ਚੰਗੇ ਅੰਕ ਲੈ ਕੇ ਮੈਰਿਟ ’ਚ ਆਏ। ਜਿਸ ਦੀ ਸੂਚੀ ਪੀਐੱਸਪੀਸੀਐੱਲ ਵੱਲੋਂ ਐਲਾਨੀ ਗਈ ਅਤੇ ਥੋੜੇ੍ਹ ਦਿਨਾਂ ਵਿਚ ਦਸਤਾਵੇਜ਼ਾਂ ਦੀ ਜਾਂਚ ਲਈ ਸੂਚੀ ਵੀ ਜਾਰੀ ਕੀਤੀ ਗਈ। ਉਮੀਦਵਾਰਾਂ ਅਨੁਸਾਰ ਸਿਖਲਾਈ ਦਾ ਕੁਝ ਸਮਾਂ ਪਿਆ ਹੋਣ ਕਰਕੇ ਮੈਨੇਜਮੈਂਟ ਨੂੰ ਮੰਗ ਪੱਤਰ ਦਿੱਤੇ ਗਏ ਸਨ। ਜਿਨ੍ਹਾਂ ਵੱਲੋਂ ਨੌਕਰੀ ’ਤੇ ਰੱਖਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਸਰਕਾਰ ਵੱਲੋਂ 2100 ਏਐੱਲਐੱਮ ’ਚੋਂ ਸਿਰਫ਼ 1360 ਉਮੀਦਵਾਰਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਹਨ। ਜਿਸ ’ਚ ਕਰੀਬ 700 ਉਮੀਦਵਾਰ ਪੰਜਾਬ ਦਾ ਹੈ ਤੇ ਬਾਕੀ ਬਾਹਰੀ ਰਾਜਾਂ ਨਾਲ ਸਬੰਧਿਤ ਹਨ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਬਜਾਏ ਸਰਕਾਰ ਧੱਕਾ ਕਰ ਰਹੀ ਹੈ। ਇਨ੍ਹਾਂ ਨੇ ਮੰਗ ਕੀਤੀ ਕਿ 700 ਅਸਾਮੀਆਂ ’ਤੇ ਬਣਦਾ ਹੱਕ ਦਿੱਤਾ ਜਾਵੇ।

Posted By: Shubham Kumar