ਪੱਤਰ ਪ੍ਰਰੇਰਕ, ਪਟਿਆਲਾ : ਅੱਜ 'ਪੰਜਾਬੀ ਸਾਹਿਤ ਸਭਾ' ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨਾਵਲ 'ਵਕਤ ਬੀਤਿਆ ਨਹੀਂ, ਨੂੰ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਐਵਾਰਡ ਐਲਾਨੇ ਜਾਣ 'ਤੇ ਲੇਖਕ ਯਾਦਵਿੰਦਰ ਸੰਧੂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਪ੍ਰਰੋਗਰਾਮ ਦੀ ਰੂਪ-ਰੇਖਾ ਉਲੀਕਦੇ ਹੋਏ ਡਾ.ਰਾਜਿੰਦਰ ਪਾਲ ਸਿੰਘ ਬਰਾੜ ਨੇ ਨਾਵਲ ਸੰਬੰਧੀ ਵਿਸਥਾਰ ਪੂਰਵਕ ਚਰਚਾ ਕਰਦਿਆਂ ਕਿਹਾ ਕਿ ਨਾਵਲਕਾਰ ਕੋਲ ਪੇਂਡੂ ਖੇਤੀਬਾੜੀ ਵਾਲੇ ਜੀਵਨ ਦੀ ਪੂਰੀ ਸਮਝ ਹੈ ਅਤੇ ਇਸੇ ਸਮਝ ਵਿੱਚੋਂ ਹੀ ਨਾਵਲਕਾਰ ਪੰਜਾਬ ਦੇ ਪੇਂਡੂ ਜਨ-ਜੀਵਨ ਦੀਆਂ ਸੱਧਰਾਂ ਅਤੇ ਸਮੱਸਿਆਵਾਂ ਦੀ ਜੀਵਿੰਤ ਪੇਸ਼ਕਾਰੀ ਕਰਦਾ ਹੈ। ਨਾਵਲ ਬਾਰੇ ਚਰਚਾ ਕਰਦਿਆਂ ਡਾ.ਗੁਰਮੁਖ ਸਿੰਘ ਨੇ ਨਾਵਲ ਵਿੱਚਲੀਆਂ ਖਾਮੀਆਂ ਅਤੇ ਖੂਬੀਆਂ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਯਾਦਵਿੰਦਰ ਸੰਧੂ ਭਵਿੱਖ ਵਿੱਚ ਆਪਣੀ ਮਿਹਨਤ ਤੇ ਲਗਨ ਨਾਲ ਵੱਡਾ ਨਾਵਲਕਾਰ ਬਣ ਕੇ ਸਾਡੇ ਸਾਹਮਣੇ ਆਵੇਗਾ ਨਾਵਲਕਾਰ ਯਾਦਵਿੰਦਰ ਸੰਧੂ ਨੇ ਪਾਠਕਾਂ ਦੇ ਮੁਖਾਤਬ ਹੁੰਦਿਆਂ ਆਪਣੀ ਨਿੱਜੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ। ਇਸ ਸਮੇਂ ਵਿਭਾਗ ਦੇ ਸਮੂਹ ਅਧਿਆਪਕਾਂ ਦੁਆਰਾ ਮਨਦੀਪ ਕੌਰ ਨਸੀਰੇਵਾਲ ਦੁਆਰਾ ਲਿਪੀਅੰਤਰਨ ਕੀਤੇ ਨਾਵਲ 'ਡੌਕੀ ਰਾਜਾ' ਦਾ ਲੋਕ ਅਰਪਨ ਕੀਤਾ ਅਤੇ ਡਾ.ਚਰਨਜੀਤ ਕੌਰ ਨੇ 'ਡੌਕੀ ਰਾਜਾ' ਨਾਵਲ ਬਾਰੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਵਿਭਾਗ ਦੇ ਖੋਜਾਰਥੀਆਂ ਰਾਮ ਸਿੰਘ, ਲਖਵੀਰ ਕਕਰਾਲਾ ਅਤੇ ਗੁਰਲਾਲ ਮਾਨ ਨੇ ਵੀ ਨਾਵਲ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਖੋਜਾਰਥੀ ਪਵਨ ਕੁਮਾਰ ਨੇ ਆਪਣੀਆਂ ਸੰਗੀਤਕ ਧੁਨਾਂ ਨਾਲ਼ ਆਏ ਮਹਿਮਾਨਾਂ ਅਤੇ ਵਿਦਵਾਨਾਂ ਨੂੰ ਸਰਸਾਰ ਕੀਤਾ। ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਨੇ ਵਿਭਾਗ ਦੀਆਂ ਕਾਰਗੁਜਾਰੀਆਂ ਅਤੇ ਯਾਦਵਿੰਦਰ ਸੰਧੂ ਦੇ ਨਾਵਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਿਭਾਗ ਵੱਲੋਂ ਪ੍ਰਮਾਣ-ਪੱਤਰ ਦੇ ਕੇ ਸਨਮਾਨ ਕੀਤਾ ਡਾ. ਰਾਜਵੰਤ ਕੌਰ ਪੰਜਾਬੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਪ੍ਰਰੋਗਰਾਮ ਵਿੱਚ ਡਾ. ਗੁਰਜੰਟ ਸਿੰਘ, ਡਾ. ਰਾਜਵਿੰਦਰ ਸਿੰਘ, ਡਾ.ਲਖਵੀਰ ਸਿੰਘ, ਡਾ. ਗੁਰਸੇਵਕ ਸਿੰਘ ਲੰਬੀ, ਡਾ. ਜਸਵੀਰ ਕੌਰ ਤੋਂ ਇਲਾਵਾ ਸਮੂਹ ਵਿਦਿਆਰਥੀਆਂ, ਖੋਜਾਰਥੀਆਂ, ਵਿਦਵਾਨਾਂ ਤੇ ਮਹਿਮਾਨਾਂ ਨੇ ਸਿਰਕਤ ਕੀਤੀ।