ਪੱਤਰ ਪੇ੍ਰਕ, ਪਟਿਆਲਾ : ਭਾਰਤੀ ਫ਼ੌਜ ’ਚ ਵੱਖ-ਵੱਖ ਵਰਗਾਂ ’ਚ ਭਰਤੀ ਹੋਣ ਲਈ ਸਰੀਰਕ ਟੈਸਟਾਂ ’ਚ ਪਾਸ ਹੋਏ ਉਮੀਦਵਾਰਾਂ ਦਾ 25 ਅਪ੍ਰੈਲ 2021 ਨੂੰ ਲਿਆ ਜਾਣ ਵਾਲਾ ਲਿਖਤੀ ਟੈਸਟ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਪ੍ਰੀਖਿਆ ਲਈ ਪੰਜ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਫ਼ਤਿਹਗੜ੍ਹ ਸਾਹਿਬ ਦੇ ਉਮੀਦਵਾਰਾਂ ਨੇ ਹਿੱਸਾ ਲੈਣਾ ਸੀ।

ਇਸ ਬਾਰੇ ਭਾਰਤੀ ਫ਼ੌਜ ਦੇ ਪਟਿਆਲਾ ਸਥਿਤ ਆਰਮੀ ਭਰਤੀ ਡਾਇਰੈਕਟਰ ਕਰਨਲ ਆਰਆਰ ਚੰਦੇਲ ਨੇ ਦੱਸਿਆ ਕਿ ਆਰਮੀ ਭਰਤੀ ਦੇ ਡਾਇਰੈਕਟਰ ਜਨਰਲ, ਰੱਖਿਆ ਮੰਤਰਾਲਾ ਵੱਲੋਂ ਭਰਤੀ ਰੈਲੀ ’ਚ ਫਿਜ਼ੀਕਲ ਟੈਸਟ ਪਾਸ ਕਰ ਚੁੱਕੇ ਉਮੀਦਵਾਰਾਂ ਦਾ ਲਿਖਤੀ ਇਮਤਿਹਾਨ 25 ਅਪ੍ਰੈਲ 2021 ਨੂੰ ਇੱਥੇ ਸੰਗਰੂਰ ਰੋਡ ਵਿਖੇ ਫ਼ਲਾਇੰਗ ਕਲੱਬ ਦੇ ਸਾਹਮਣੇ ਸਥਿਤ ਪਹਿਲੀ ਆਰਮੀ ਡਵੀਜ਼ਨ ਸਿਗਨਲ ਰੈਜੀਮੈਂਟ ਗਰਾਊਂਡ ਵਿਖੇ ਲੈਣਾ ਨਿਰਧਾਰਤ ਕੀਤਾ ਗਿਆ ਸੀ ਪ੍ਰੰਤੂ ਕੋਵਿਡ-19 ਦੇ ਕਾਰਨ ਇਸ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਇਹ ਇਮਤਿਹਾਨ ਮੁੜ ਲੈਣਾ ਨਿਰਧਾਰਤ ਹੋਇਆ ਤਾਂ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ।

Posted By: Jagjit Singh