ਨਵਦੀਪ ਢੀਂਗਰਾ, ਪਟਿਆਲਾ : ਭਾਵੇਂ ਤਕਨੀਕੀ ਵਿਸ਼ਿਆਂ ਦੀ ਗੱਲ ਕਰੀਏ ਜਾਂ ਗਿਆਨ, ਸਾਹਿਤ ਦੇ ਅਨੁਵਾਦ ਦੀ, ਪੰਜਾਬੀ ਲਗਾਤਾਰ ਪੱਛੜਦੀ ਜਾ ਰਹੀ ਹੈ। ਪੰਜਾਬੀ ਨੂੰ ਸਮੇਂ ਦਾ ਹਾਣੀ ਬਣਾਉਣਾ ਹੈ ਤੇ ਹੁਣ ਪੰਜਾਬੀ ਯੂਨੀਵਰਸਿਟੀ ਇਸੇ ਦਿਸ਼ਾ ਵੱਲ ਕੰਮ ਕਰੇਗੀ। ਪੰਜਾਬੀ ਯੂਨੀਵਰਸਿਟੀ ਵੱਲੋਂ ਇਹੀ ਮਾਤ ਭਾਸ਼ਾ ਪ੍ਰੇਮੀਆਂ ਲਈ ਵੱਡਾ ਤੋਹਫਾ ਹੋਵੇਗਾ। ਇਹ ਕਹਿਣਾ ਹੈ ਪੰਜਾਬੀ ਯੂਨੀਵਰਸਿਟੀ ਦੇ ਨਵਨਿਯੁਕਤ ਵਾਈਸ ਚਾਂਸਲਰ ਪੋ੍. ਅਰਵਿੰਦ ਦਾ। 'ਪੰਜਾਬੀ ਜਾਗਰਣ' ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਉੱਚ ਸਿੱਖਿਆ, ਭਾਸ਼ਾ, ਸਭਿਆਚਾਰ ਅਤੇ ਯੂਨੀਵਰਸਿਟੀ ਦੇ ਪ੍ਰਸ਼ਾਨਿਕ ਨੁਕਤਿਆਂ ਸਬੰਧੀ ਖੁੱਲ੍ਹ ਕੇ ਗੱਲ ਕੀਤੀ।

ਪੋ੍. ਅਰਵਿੰਦ ਨੇ ਦੱਸਿਆ ਕਿ ਕੁਝ ਨਵੇਂ ਪੋ੍ਗਰਾਮ ਸ਼ੁਰੂ ਕੀਤੇ ਜਾਣਗੇ। ਵਿਗਿਆਨ ਵਿਸ਼ਿਆਂ ਦੀ ਸਮੱਗਰੀ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਲਈ ਕੰਮ ਕੀਤਾ ਜਾਵੇਗਾ। ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਲਈ ਕੰਪਿਊਟਰ ਤਕਨੀਕ ਦੀ ਵੱਧ ਤੋਂ ਵੱਧ ਮਦਦ ਲਈ ਜਾਵੇਗੀ।

'ਰਿਕਵਰ, ਰੀਸਟ੍ਕਚ ਤੇ ਐਕਸੀਲੈਂਸੀ' ਦਾ ਫਾਰਮੂਲਾ ਅਪਣਾਇਆ ਜਾਵੇਗਾ

ਬੀਤੇ ਸਮੇਂ ਦੌਰਾਨ ਯੂਨੀਵਰਸਿਟੀ ਦੀ ਕਾਰਜ ਪ੍ਰਣਾਲੀ ਸਬੰਧੀ ਸਵਾਲ ਦੇ ਜਵਾਬ ਵਿਚ ਪੋ੍. ਅਰਵਿੰਦ ਨੇ ਕਿਹਾ ਕਿ ਪੰਜਾਬ ਦੀ ਇਕ ਅਹਿਮ ਯੂਨੀਵਰਸਿਟੀ ਜੇ ਠੀਕ ਨਹੀਂ ਚੱਲ ਰਹੀ ਤਾਂ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਲਈ ਕੁਝ ਕਰੀਏ। ਇਹ ਸਮਝਣਾ ਪਵੇਗਾ ਕਿ ਯੂਨੀਵਰਸਿਟੀ ਦੇ ਹਾਲਾਤ ਲਗਾਤਾਰ ਬਦਤਰ ਕਿਉਂ ਹੁੰਦੇ ਚਲੇ ਗਏ। ਉਨ੍ਹਾਂ ਕਿਹਾ ਕਿ ਵੀਸੀ ਦੀ ਕੁਰਸੀ 'ਤੇ ਬੈਠ ਕੇ ਉਨ੍ਹਾਂ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਹੈ ਅਤੇ ਯੂਨੀਵਰਸਿਟੀ ਦਾ ਵੱਕਾਰ ਦੁਬਾਰਾ ਹਾਸਲ ਕਰਕੇ ਇਸ ਚੁਣੌਤੀ ਨੂੰ ਪੁਗਾਇਆ ਵੀ ਜਾਵੇਗਾ। ਇਸ ਟੀਚੇ ਨੂੰ ਹਾਸਲ ਕਰਨ ਲਈ 'ਰਿਕਵਰ, ਰੀਸਟ੍ਕਚ ਤੇ ਐਕਸੀਲੈਂਸੀ' ਦਾ ਫਾਰਮੂਲਾ ਅਪਣਾਇਆ ਜਾਵੇਗਾ। ਪਹਿਲਾਂ 'ਰਿਕਵਰੀ' ਕਰਾਂਗੇ, ਫਿਰ 'ਰਿਸਟ੍ਕਚਰਿੰਗ' ਤੇ ਫਿਰ 'ਐਕਸੀਲੈਂਸੀ' ਵੱਲ ਕਦਮ ਵਧਾਵਾਂਗੇ। ਪੜਾਅ ਦਰ ਪੜਾਅ ਹਰ ਮੰਜ਼ਲ ਸਰ ਕੀਤੀ ਜਾਵੇਗੀ। ਵਿਦਿਆਰਥੀ, ਮੁਲਾਜ਼ਮ, ਅਧਿਆਪਕ, ਸਰਕਾਰ ਆਦਿ ਸਾਰੀਆਂ ਧਿਰਾਂ ਦੇ ਨਾਲ-ਨਾਲ ਪੰਜਾਬ ਅਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਕੁਲ ਜਹਾਨ ਦੇ ਲੋਕ ਜਦੋਂ ਰਲ਼ ਕੇ ਹੰਭਲਾ ਮਾਰਨਗੇ ਤਾਂ ਯਕੀਨਨ ਪੰਜਾਬੀ ਯੂਨੀਵਰਸਿਟੀ 'ਰਿਕਵਰ' ਵੀ ਕਰੇਗੀ, 'ਰਿਸਟ੍ਕਚ' ਵੀ ਹੋਵੇਗੀ ਤੇ ਫਿਰ 'ਐਕਸੀਲੈਂਸ' ਨੂੰ ਵੀ ਹਾਸਲ ਕਰੇਗੀ।

ਪ੍ਰਬੰਧਾਂ 'ਚ ਹਨ ਕਮੀਆਂ, ਸੁਧਾਰ ਕਰਾਂਗੇ :

ਵਿੱਤੀ ਸੰਕਟ ਬਾਰੇ ਪੋ੍. ਅਰਵਿੰਦ ਕਹਿੰਦੇ ਹਨ ਕਿ ਪੰਜਾਬੀ ਯੂਨੀਵਰਸਿਟੀ ਇਕ ਦਿਨ ਵਿਚ ਕਮਜ਼ੋਰ ਨਹੀਂ ਹੋਈ। ਪ੍ਰਬੰਧਾਂ ਵਿਚ ਵੀ ਕਮੀਆਂ ਰਹੀਆਂ ਹਨ, ਕੇਵਲ ਸਰਕਾਰਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਪ੍ਰਬੰਧਾਂ ਵਿਚ ਸੁਧਾਰ ਕਰਾਂਗੇ, ਸਰਕਾਰ ਦੇ ਪੱਧਰ 'ਤੇ ਗੱਲ ਚੱਲ ਰਹੀ ਹੈ, ਵਿਸ਼ੇਸ਼ ਪੈਕੇਜ ਵੀ ਮਿਲੇਗਾ। ਪੋ੍. ਅਰਵਿੰਦ ਕਹਿੰਦੇ ਹਨ ਕਿ ਆਮਦਨ ਦੇ ਨਵੇਂ ਸਰੋਤ ਬਣਾਏ ਜਾਣਗੇ। ਸਰਕਾਰ ਵੱਲੋਂ ਇਸ ਮਹੀਨੇ 90 ਕਰੋੜ ਦੀ ਗ੍ਾਂਟ ਦੀ ਪਹਿਲੀ ਕਿਸ਼ਤ ਦਿੱਤੇ ਜਾਣ ਦੀ ਆਸ ਹੈ।

ਐਡਹਾਕ ਸਿਸਟਮ 'ਚ ਵਿਸ਼ਵਾਸ ਨਹੀਂ :

ਐਡਹਾਕ ਸਿਸਟਮ ਦੇ ਸਵਾਲ 'ਤੇ ਪੋ੍. ਅਰਵਿੰਦ ਕਹਿੰਦੇ ਹਨ ਕਿ ਉਹ 'ਐਡਹਾਕਇਜ਼ਮ' ਵਿਚ ਵਿਸ਼ਵਾਸ ਨਹੀਂ ਰੱਖਦੇ ਪਰ ਪੰਜਾਬੀ ਯੂਨੀਵਰਿਸਟੀ ਵਿਚ ਇਹ ਡੂੰਘੇ ਪੱਧਰ 'ਤੇ ਹੈ। ਹੌਲੀ-ਹੌਲੀ ਇਸ ਲਈ ਵੀ ਕੰਮ ਕੀਤਾ ਜਾਵੇਗਾ। ਜਦੋਂ ਯੂਨੀਵਰਿਸਟੀ ਸਹੀ ਸਥਿਤੀ ਵਿਚ ਆ ਜਾਵੇਗੀ ਤਾਂ ਐਡਹਾਕ ਸਿਸਟਮ ਦੇ ਰੋਗ ਦਾ ਇਲਾਜ ਕੀਤਾ ਜਾਵੇਗਾ।

ਮੁੜ ਭਰਤੀ ਨੂੰ ਪੋ੍. ਅਰਵਿੰਦ ਵੱਖਰੇ ਨਜ਼ਰੀਏ ਤੋਂ ਦੇਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੇਵਾ-ਮੁਕਤ ਹੋਣ ਵਾਲੇ ਚੰਗੇ ਵਿਦਵਾਨਾਂ ਨੂੰ ਯੂਨੀਵਰਿਸਟੀ ਨਾਲ ਜੋੜ ਕੇ ਰੱਖਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਬਿਨਾਂ ਤਨਖ਼ਾਹੋਂ ਸਮਰਪਿਤ ਭਾਵਨਾ ਨਾਲ ਯੂਨੀਵਰਸਿਟੀ ਲਈ ਕੰਮ ਕਰਨ ਦੇ ਚਾਹਵਾਨ ਹਰ ਵਰਗ ਦੇ ਸੇਵਾ-ਮੁਕਤ ਅਧਿਆਪਕਾਂ, ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੀ ਨਾਲ ਜੋੜਿਆ ਜਾਵੇਗਾ।

ਸਿਆਸੀ ਦਖ਼ਲ ਜਾਂ ਦਬਾਅ ਨਹੀਂ :

ਸਿਆਸਤੀ ਦਖ਼ਲ ਤੇ ਦਬਾਅ ਸਬੰਧੀ ਪੁੱਛੇ ਸਵਾਲ 'ਤੇ ਪੋ੍. ਅਰਵਿੰਦ ਦਾ ਕਹਿਣਾ ਹੈ ਕਿ ਇਹ ਸ਼ਬਦ ਮੇਰੇ ਸ਼ਬਦਕੋਸ਼ ਵਿਚ ਹੀ ਨਹੀਂ ਹੈ। ਬਾਹਰਲੀ ਸਿਆਸਤ ਦਾ ਯੂਨੀਵਰਸਿਟੀ ਵਿਚ ਦਖ਼ਲ ਹੁਣ ਬੀਤੇ ਸਮਿਆਂ ਦੀ ਗੱਲ ਸਮਝੀ ਜਾਵੇ। ਜਿੱਥੋਂ ਤਕ ਯੂਨੀਵਰਸਿਟੀ ਦੀ ਅੰਦਰੂਨੀ ਸਿਆਸਤ ਦੀ ਗੱਲ ਹੈ ਤਾਂ ਸਾਰੇ ਵਰਗਾਂ ਤੇ ਧੜਿਆਂ ਨੂੰ ਜਾਣੂ ਕਰਵਾਇਆ ਜਾ ਚੁੱਕਿਆ ਹੈ ਕਿ ਪੜ੍ਹਨ ਤੇ ਪੜ੍ਹਾਉਣ ਦੇ ਕੰਮ ਨੂੰ ਹੀ ਤਰਜੀਹ ਦਿੱਤੀ ਜਾਵੇਗੀ।

ਦੁਨੀਆਂ ਸਾਹਮਣੇ ਲਿਆਵਾਂਗੇ ਯੂਨੀਵਰਸਿਟੀ ਦਾ ਖ਼ਜ਼ਾਨਾ

ਪੋ੍. ਅਰਵਿੰਦ ਕਹਿੰਦੇ ਹਨ ਕਿ ਪੰਜਾਬੀ ਯੂਨੀਵਰਸਿਟੀ ਵਿਚ ਬਹੁਤ ਸਾਰਾ ਖ਼ਜ਼ਾਨਾ ਹੈ, ਬਸ ਇਸ ਨੂੰ ਦੁਬਾਰਾ ਦੁਨੀਆ ਸਾਹਮਣੇ ਲਿਆਉਣ ਦੀ ਲੋੜ ਹੈ। ਬੀਤੇ ਸਮੇਂ ਵਿਚ ਭਾਸ਼ਾ, ਕਲਾ, ਵਿਗਿਆਨ, ਗੁਰਮਤਿ ਸੰਗੀਤ ਅਤੇ ਸੱਭਿਆਚਾਰ ਤੇ ਬਹੁਤ ਜ਼ਿਆਦਾ ਤੇ ਬਹੁਤ ਵਧੀਆ ਕੰਮ ਕੀਤਾ ਹੋਇਆ ਹੈ। ਬਿਹਤਰੀਨ ਖੋਜਾਂ ਹੋਈਆਂ ਹਨ, ਯੂਨੀਵਰਸਿਟੀ ਕੋਲ ਪੁਰਾਣੇ ਹੱਥ-ਲਿਖਿਤ ਖਰੜਿਆਂ ਦਾ ਖ਼ਜ਼ਾਨਾ ਹੈ। ਇਸ ਸਭ ਨੂੰ ਮੁੜ ਦੁਨੀਆ ਸਾਹਮਣੇ ਲਿਆਂਦਾ ਜਾਵੇਗਾ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ਦੇ ਕੋਰਸ ਵੀ ਸ਼ੁਰੂ ਕੀਤੇ ਜਾਣਗੇ।

Posted By: Susheel Khanna