ਪੱਤਰ ਪ੍ਰੇਰਕ, ਫ਼ਤਹਿਗੜ੍ਹ ਸਾਹਿਬ : ਲੋਹਾ ਨਗਰੀ ਦੀ ਇਕ ਗਰਭਵਤੀ ਅੌਰਤ ਆਪਣੇ ਦਸ ਮਹੀਨੇ ਦੇ ਬੱਚੇ ਨੂੰ ਲੈ ਕੇ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਸਹੁਰਾ ਪਰਿਵਾਰ 'ਤੇ ਦਹੇਜ ਦੀ ਮੰਗ ਨੂੰ ਲੈ ਕੇ ਉਸ ਨੂੰ ਘਰ ਤੋਂ ਕੱਢਣ ਦਾ ਦੋਸ਼ ਲਗਾਉਣ ਵਾਲੀ ਇਹ ਅੌਰਤ ਫ਼ਤਹਿਗੜ੍ਹ ਸਾਹਿਬ ਦੇ ਐੱਸਐੱਸਪੀ ਅਮਨੀਤ ਕੌਂਡਲ ਕੋਲ ਵੀ ਗੁਹਾਰ ਲਗਾ ਚੁੱਕੀ ਹੈ, ਪਰ ਹੁਣ ਤਕ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਵਿਕਾਸ ਨਗਰ ਦੀ ਰਹਿਣ ਵਾਲੀ ਹਿਨਾ ਗੁਪਤਾ ਨੇ ਦੋ ਦਿਨ ਪਹਿਲਾਂ ਸੁਭਾਸ਼ ਨਗਰ 'ਚ ਆਪਣੇ ਸਹੁਰਾ ਪਰਿਵਾਰ ਦੇ ਘਰ ਦੇ ਬਾਹਰ ਦਸ ਮਹੀਨੇ ਦੇ ਬੱਚੇ ਸਮੇਤ ਧਰਨਾ ਦੇ ਕੇ ਰੋਸ ਵੀ ਜਤਾਇਆ ਸੀ, ਫਿਰ ਵੀ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਹਿਨਾ ਗੁਪਤਾ ਮੁਤਾਬਕ ਉਸ ਦਾ ਵਿਆਹ 8 ਮਾਰਚ 2018 ਨੂੰ ਮੰਡੀ ਗੋਬਿੰਦਗੜ੍ਹ 'ਚ ਹੋਇਆ ਸੀ। ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਉਸ ਨੂੰ ਦਾਜ-ਦਹੇਜ ਲਈ ਤੰਗ ਪਰੇਸ਼ਾਨ ਕਰਨ ਲੱਗ ਗਿਆ। ਲੜਕੇ ਦੇ ਜਨਮ ਤੋਂ ਬਾਅਦ ਵੀ ਉਸ ਨੂੰ ਤੰਗ ਪਰੇਸ਼ਾਨ ਕਰਨਾ ਜਾਰੀ ਰਿਹਾ। ਮਾਮਲਾ ਥਾਣੇ ਪਹੁੰਚਣ 'ਤੇ ਰਾਜ਼ੀਨਾਮਾ ਕਰ ਕੇ ਉਸ ਨੂੰ ਦੁਬਾਰਾ ਸਹੁਰਾ ਘਰ ਭੇਜ ਦਿੱਤਾ ਗਿਆ। ਦੂਜੀ ਵਾਰ ਗਰਭਵਤੀ ਹੋਣ ਤੋਂ ਬਾਅਦ ਉਸ ਨੂੰ ਫਿਰ ਤੰਗ ਪਰੇਸ਼ਾਨ ਕਰਨ ਲੱਗ ਪਏ। ਉਸ ਨੂੰੂ ਘਰ ਤੋਂ ਬਾਹਰ ਕੱਢ ਦਿੱਤਾ ਗਿਆ। ਕਰੀਬ ਤਿੰਨ ਮਹੀਨੇ ਪਹਿਲਾਂ ਉਸ ਨੇ ਐੱਸਐੱਸਪੀ ਨੂੰ ਸ਼ਿਕਾਇਤ ਕੀਤੀ ਸੀ। ਜਿਸ ਦੀ ਜਾਂਚ ਵੂਮੈਨ ਸੈੱਲ ਨੂੰ ਸੌਂਪ ਦਿੱਤੀ ਗਈ। ਵੂਮੈਨ ਸੈੱਲ 'ਚ ਉਲਟਾ ਉਸ ਨੂੰ ਦਬਾਇਆ ਗਿਆ। ਹਿਨਾ ਦੇ ਪਤੀ ਨੇ ਸਾਰੇ ਦੋਸ਼ਾਂ ਨੂੰੂ ਝੂਠਾ ਤੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਦੇ ਪਰਿਵਾਰ 'ਚੋਂ ਕਿਸੇ ਨੇ ਵੀ ਦਹੇਜ ਦੀ ਮੰਗ ਨਹੀਂ ਕੀਤੀ ਅਤੇ ਨਾ ਹੀ ਹਿਨਾ ਨੂੰ ਘਰ ਤੋਂ ਕੱਿਢਆ ਗਿਆ ਹੈ। ਉਹ ਖੁਦ ਆਪਣਾ ਘਰ ਵਸਾਉਣਾ ਚਾਹੁੰਦੇ ਹਨ ਅਤੇ ਉਹੀ ਅਪੀਲ ਉਨ੍ਹਾਂ ਨੇ ਅਦਾਲਤ 'ਚ ਕੀਤੀ ਹੈ। ਉੱਧਰ ਵੂਮੈਨ ਸੈੱਲ ਦੇ ਇੰਚਾਰਜ ਗੁਰਦੀਪ ਕੌਰ ਨੇ ਕਿਹਾ ਕਿ ਸ਼ਿਕਾਇਤ ਤੋਂ ਬਾਅਦ ਪਤੀ-ਪਤਨੀ ਦੀ ਕਾਊਂਸਿਲੰਗ ਕੀਤੀ ਗਈ ਸੀ। ਪਤੀ ਹਰ ਗੱਲ 'ਤੇ ਸਹਿਮਤ ਹੋ ਗਿਆ ਅਤੇ ਪਤਨੀ ਨੂੰ ਲੈ ਕੇ ਜਾਣ ਲਈ ਰਾਜ਼ੀ ਸੀ, ਪਰੰਤੂ ਪਤਨੀ ਨੇ ਮਕਾਨ ਆਪਣੇ ਨਾਮ ਕਰਵਾਉਣ ਦੀ ਮੰਗ ਰੱਖ ਦਿੱਤੀ ਸੀ। ਜਿਸ ਤੋਂ ਬਾਅਦ ਅਗਲੀ ਕਾਊਂਸਿਲੰਗ 'ਚ ਕੁੱਝ ਰਿਸ਼ਤੇਦਾਰਾਂ ਨੂੰ ਲਿਆਉਣ ਦੀ ਗੱਲ ਕਹਿ ਕੇ ਸਮਾਂ ਮੰਗਿਆ ਗਿਆ ਸੀ। ਉਨ੍ਹਾਂ ਵੱਲੋਂ ਸੁਣਵਾਈ 'ਚ ਕੋਈ ਭੇਦਭਾਵ ਜਾਂ ਦੇਰੀ ਨਹੀਂ ਕੀਤੀ ਗਈ।