-ਮਿ੍ਤਕਾ ਦਾ ਪਤੀ ਸ਼ਰਾਬ ਪੀ ਕੇ ਕਰਦਾ ਸੀ ਕੁੱਟਮਾਰ

ਅਸ਼ਵਿੰਦਰ ਸਿੰਘ, ਬਨੂੜ : ਨੇੜਲੇ ਪਿੰਡ ਕਾਲੋਮਾਜਰਾ ਵਿਖੇ 33 ਸਾਲਾ ਵਿਆਹੁਤਾ ਨੇ ਆਪਣੇ ਪਤੀ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿ੍ਤਕ ਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ। ਮਿ੍ਤਕ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਿ੍ਤਕ ਅੌਰਤ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਏਐੱਸਆਈ ਮਹਿੰਦਰ ਸਿੰਘ ਧੋਨੀ ਨੇ ਦੱਸਿਆ ਕਿ ਮਿ੍ਤਕ ਸੁਖਵਿੰਦਰ ਕੌਰ ਦੇ ਪਿਤਾ ਰਾਜਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਚੌਰਾ ਥਾਣਾ ਅਰਬਨ ਅਸਟੇਟ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਪੁੱਤਰੀ ਸੁਖਵਿੰਦਰ ਕੌਰ ਦਾ ਵਿਆਹ ਸਾਲ 2009 'ਚ ਪਿੰਡ ਕਾਲੋਮਾਜਰਾ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਪੁੱਤਰ ਸੰਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨਾਂ੍ਹ ਕੋਲ ਲੜਕੀ ਤੇ ਲੜਕੇ ਨੇ ਜਨਮ ਲਿਆ। ਉਸ ਦਾ ਪਤੀ ਗੁਰਵਿੰਦਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਤੇ ਸ਼ਰਾਬ ਪੀ ਕੇ ਅਕਸਰ ਉਸ ਨਾਲ ਲੜਾਈ ਝਗੜਾ ਕਰਕੇ ਉਸ ਦੀ ਕੁੱਟਮਾਰ ਕਰਦਾ ਸੀ। ਪਰ ਉਨਾਂ੍ਹ ਦੀ ਲੜਕੀ ਰੋਜ਼ਾਨਾ ਹੁੰਦੇ ਇਸ ਝਗੜੇ ਨੂੰ ਬਰਦਾਸ਼ਤ ਕਰਦੀ ਰਹੀ ਸੀ। ਜਦੋਂ ਗੁਰਵਿੰਦਰ ਸਿੰਘ ਉਸ ਦੀ ਜ਼ਿਆਦਾ ਹੀ ਕੁੱਟਮਾਰ ਕਰਨ ਲੱਗ ਗਿਆ ਤਾਂ ਉਸਨੇ ਆਪਣੇ ਪੇਕੇ ਪਰਿਵਾਰ ਨੂੰ ਇਸ ਤਸ਼ੱਦਦ ਬਾਰੇ ਦੱਸਿਆ। ਇਸ ਤੋਂ ਬਾਅਦ ਉਹ ਆਪਣੀ ਲੜਕੀ ਸੁਖਵਿੰਦਰ ਕੌਰ ਨੂੰ ਪੇਕੇ ਲੈ ਗਏ। ਜਿਸ ਤੋਂ ਬਾਅਦ ਪੰਚਾਇਤੀ ਤੌਰ 'ਤੇ ਰਾਜ਼ੀਨਾਮਾ ਹੋ ਜਾਣ 'ਤੇ ਸੁਖਵਿੰਦਰ ਕੌਰ ਨੂੰ ਮੁੜ ਸਹੁਰੇ ਘਰ ਤੋਰ ਦਿੱਤਾ। ਇਸ ਤੋਂ ਬਾਅਦ ਵੀ ਗੁਰਵਿੰਦਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। 22 ਜਨਵਰੀ ਨੂੰ ਉਨ੍ਹਾਂ ਦੇ ਜਵਾਈ ਗੁਰਵਿੰਦਰ ਸਿੰਘ ਨੇ ਸ਼ਰਾਬ ਪੀ ਕੇ ਉਨ੍ਹਾਂ ਦੀ ਲੜਕੀ ਦੀ ਕੁੱਟਮਾਰ ਕੀਤੀ, ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਦੀ ਲੜਕੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਨ੍ਹਾਂ ਦੀ ਲੜਕੀ ਵੱਲੋਂ ਜ਼ਹਿਰ ਨਿਗਲਣ ਤੋਂ ਬਾਅਦ ਗੁਰਵਿੰਦਰ ਸਿੰਘ ਦਾ ਫੋਨ ਆਇਆ ਕਿ ਸੁਖਵਿੰਦਰ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਤੇ ਉਸ ਨੂੰ ਇਲਾਜ ਲਈ ਰਾਜਪੁਰਾ ਦੇ ਏਪੀ ਜੈਨ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਜਦੋਂ ਉਹ ਮੌਕੇ 'ਤੇ ਪੁੱਜੇ ਤਾਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਰੈਫਰ ਕਰ ਦਿੱਤਾ ਜਿੱਥੇ ਜਾ ਕੇ ਉਸ ਦੀ ਹਾਲਤ ਹੋਰ ਗੰਭੀਰ ਹੋ ਗਈ। ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ 'ਚ ਰੈਫਰ ਕਰ ਦਿੱਤਾ ਪਰ ਰਸਤੇ 'ਚ ਹੀ ਉਸਦੀ ਮੌਤ ਹੋ ਗਈ। ਮਿ੍ਤਕ ਸੁਖਵਿੰਦਰ ਕੌਰ ਦੇ ਪਿਤਾ ਰਜਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਮਿ੍ਤਕ ਦੇ ਪਤੀ ਗੁਰਵਿੰਦਰ ਸਿੰਘ ਖਿਲਾਫ ਧਾਰਾ 306 ਆਈਪੀਸੀ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।