ਭਾਰਤ ਭੂਸ਼ਣ ਗੋਇਲ, ਸਮਾਣਾ : ਵੀਰਵਾਰ ਦੇਰ ਸ਼ਾਮ ਚੱਕ ਅੰਮਿ੍ਤਸਰ ਨੇੜੇ ਕਾਰ ਵੱਲੋਂ ਸਾਈਕਲ ਨੂੰ ਫੇਟ ਮਾਰ ਦੇਣ ਕਾਰਨ ਸਾਈਕਲ 'ਤੇ ਸਵਾਰ ਇਕ ਔਰਤ ਦੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਤੇ ਦੋ ਛੋਟੇ ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ।

ਸਿਵਲ ਹਸਪਤਾਲ ਵਿਖੇ ਮਿ੍ਤਕ ਦਾ ਪੋਸਟਮਾਰਟਮ ਕਰਵਾਉਣ ਆਏ ਮਾਮਲੇ ਦੇ ਜਾਂਚ ਅਧਿਕਾਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ 'ਚ ਜ਼ਖ਼ਮੀ ਮੰਗਾ ਸਿੰਘ ਵਾਸੀ ਪਿੰਡ ਸਾਧੂਗੜ੍ਹ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੀ ਪਤਨੀ ਤੇ ਉਹ ਸਮਾਣਾ ਵਿਖੇ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ। ਬੀਤੀ ਸ਼ਾਮ ਉਹ ਆਪਣੀ ਪਤਨੀ ਗੀਤਾ ਰਾਣੀ, ਪੁੱਤਰ ਗੁਰਬਾਜ ਤੇ ਭਤੀਜੇ ਸੂਰਜ ਨਾਲ ਕੰਮ ਖ਼ਤਮ ਕਰਕੇ ਸਾਈਕਲ 'ਤੇ ਪਿੰਡ ਵਾਪਸ ਜਾ ਰਹੇ ਸਨ। ਜਦੋਂ ਉਹ ਪਿੰਡ ਚੱਕ ਅੰਮਿ੍ਤਸਰ ਨੇੜੇ ਪੁੱਜੇ ਤਾਂ ਪਿੱਛੇ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਚਾਰੇ ਗੰਭੀਰ ਜ਼ਖ਼ਮੀ ਹੋ ਗਏ ਤੇ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸ ਦੀ ਪਤਨੀ ਗੀਤਾ (30) ਨੂੰ ਮਿ੍ਤਕ ਐਲਾਨ ਦਿੱਤਾ। ਜਦਕਿ ਕਾਰ ਚਾਲਕ ਮੌਕੇ ਤੋਂ ਕਾਰ ਸਮੇਤ ਫ਼ਰਾਰ ਹੋ ਗਿਆ। ਸਿਟੀ ਥਾਣਾ ਦੇ ਪੁਲਿਸ ਅਧਿਕਾਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਕਰ ਲਈ ਗਈ ਹੈ ਤੇ ਮਿ੍ਤਕਾ ਦੇ ਪਤੀ ਮੰਗਾ ਸਿੰਘ ਦੇ ਬਿਆਨਾ ਦੇ ਅਧਾਰ 'ਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ਼ ਸ਼ੁਰੂ ਕਰ ਦਿੱਤੀ ਹੈ।