ਨਵਦੀਪ ਢੀਂਗਰਾ, ਪਟਿਆਲਾ : ਬਾਹਾਂ 'ਚ ਲਾਲ ਕੱਪੜੇ 'ਚ ਲਿਪਟੀ ਹੋਈ ਢਾਈ ਸਾਲ ਦੀ ਬੱਚੀ ਦੀ ਲਾਸ਼, ਪਿਤਾ ਦੀਆਂ ਅੱਖਾਂ 'ਚੋਂ ਲਗਾਤਾਰ ਵਗਦੇ ਹੰਝੂ...ਦੇਖਣ ਵਾਲੇ ਹਰ ਸਖ਼ਸ਼ ਦੀਆਂ ਅੱਖਾਂ ਵੀ ਨਮ ਹੋ ਗਈਆਂ। ਇਹ ਦਰਦਨਾਕ ਮੰਜਰ ਪਟਿਆਲਾ ਦੀ ਨਿਊ ਮੋਹਿੰਦਰਾ ਕਲੋਨੀ 'ਚ ਦੇਖਣ ਨੂੰ ਮਿਲਿਆ, ਜਦੋਂ ਬਾਪ ਆਪਣੇ ਧੀ ਦੀ ਲਾਸ਼ ਨੂੰ ਬਾਹਾਂ 'ਚ ਚੁੱਕ ਕੇ ਸ਼ਮਸ਼ਾਨਘਾਟ ਪੁੱਜ ਗਿਆ।

ਪਟਿਆਲਾ ਦੇ ਘਲੋੜੀ ਗੇਟ ਦੇ ਨਜ਼ਦੀਕ ਨਿਊ ਮੋਹਿੰਦਰਾ ਕਲੋਨੀ ਵਿੱਚ ਡਾਇਰੀਆ ਫੈਲ ਗਿਆ।

ਹੁਣ 65 ਲੋਕਾਂ ਦੇ ਬਿਮਾਰ ਹੋਣ ਦੀ ਸੂਚਨਾ ਹੈ, ਜਿਨ੍ਹਾਂ 'ਚੋਂ 18 ਜਾਣੇ ਹਸਪਤਾਲ ਦਾਖਲ ਕਰਵਾਏ ਗਏ ਹਨ। ਇਸ ਇਲਾਕੇ ਵਿਚ ਦੋ ਬੱਚਿਆਂ ਦੀ ਮੌਤ ਹੋਈ ਹੈ। ਜਿਨ੍ਹਾ 'ਚ 5 ਸਾਲ ਦਾ ਲੜਕਾ ਤੇ ਇਕ ਢਾਈ ਸਾਲ ਦੀ ਬੱਚੀ ਸ਼ਾਮਲ ਹੈ। ਹਾਲਾਂਕਿ ਇਹਨਾਂ ਦੋਵਾਂ ਦੀ ਮੌਤ ਕਿਸ ਕਰਕੇ ਹੋਈ ਇਸ ਬਾਰੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ ਹੈ। ਪਟਿਆਲਾ ਦੇ ਸਿਵਲ ਸਰਜਨ ਡਾ. ਰਾਜੂ ਧੀਰ ਅਤੇ ਪਟਿਆਲਾ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨਮਨ ਮਰਕਣ ਮੌਕੇ 'ਤੇ ਪੁੱਜੇ।

ਡਾ. ਧੀਰ ਵੱਲੋਂ ਸਿਹਤ ਸੁਵਿਧਾਵਾਂ ਬੀਤੀ ਰਾਤ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਨਗਰ ਨਿਗਮ ਸੰਯੁਕਤ ਕਮਿਸ਼ਨਰ ਨਮਨ ਮਰਕਨ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਹਫ਼ਤੇ ਇਸ ਇਲਾਕੇ ਦੇ ਪਾਣੀ ਦੇ ਸੈਂਪਲ ਜਾਂਚੇ ਗਏ ਸਨ ਜੋ ਕਿ ਪੀਣ ਯੋਗ ਪਾਏ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਮੁੜ ਕੇ ਸੈਂਪਲ ਲਏ ਜਾਣਗੇ ਤੇ ਇਸ ਦੀ ਜਾਂਚ ਕੀਤੀ ਜਾਵੇਗੀ। ਸਿਵਲ ਸਰਜਨ ਡਾ. ਰਾਜੂ ਧੀਰ ਨੇ ਕਿਹਾ ਹੈ ਕਿ ਇਲਾਕੇ ਵਿਚ ਆਰਜ਼ੀ ਡਿਸਪੈਂਸਰੀ ਕਾਇਮ ਕਰ ਦਿੱਤੀ ਗਈ ਹੈ। ਡਾ. ਧੀਰ ਨੇ ਕਿਹਾ ਕਿ ਬੱਚਿਆਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਜ਼ਿਲ੍ਹਾ ਐਪੀਡੈਮੋਲੋਜਿਸਟ ਡਾ. ਸੁਮੀਤ ਸਿੰਘ ਦੀ ਡਿਊਟੀ ਲਗਾ ਦਿੱਤੀ ਗਈ ਹੈ। ਡਾ. ਧੀਰ ਨੇ ਕਿਹਾ ਕਿ ਇਲਾਕੇ ਵਿਚ ਮਾਡਲ ਟਾਊਨ ਡਿਸਪੈਂਸਰੀ ਡਾ. ਕੁਸ਼ਲਦੀਪ ਕੌਰ ਦੀ ਅਗਵਾਈ ਵਿਚ ਡਿਸਪੈਂਸਰੀ ਸਾਰਾ ਦਿਨ ਕੰਮ ਕਰੇਗੀ।

Posted By: Ramanjit Kaur