ਜਗਨਾਰ ਸਿੰਘ ਦੁਲੱਦੀ, ਨਾਭਾ : ਸੂਬੇ ਦੀ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਸਰਕਾਰ ਹਰ ਹਾਲਤ 'ਚ ਪੂਰਾ ਕਰੇਗੀ। ਇਹ ਕਹਿਣਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ। ਕੈਬਨਿਟ ਮੰਤਰੀ ਧਰਮਸੋਤ ਅੱਜ ਰਿਆਸਤੀ ਸ਼ਹਿਰ ਨਾਭਾ ਸਥਿਤ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਹੋਏ ਸਨ। ਜਿੱਥੇ ਉਨ੍ਹਾਂ ਨੇ ਨਾਭਾ ਸ਼ਹਿਰ ਨੂੰ ਵਿਰਾਸਤੀ ਦਿੱਖ ਦੇਣ ਲਈ ਬਣ ਰਹੇ ਪੰਜੇ ਗੇਟਾਂ ਦਾ ਜਾਇਜ਼ਾ ਲਿਆ, ਉਥੇ ਨਾਲ ਹੀ ਕਰੀਬ 17 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਵਾਟਰ ਟਰੀਟਮੈਂਟ ਪਲਾਂਟ ਦੇ ਚੱਲ ਰਹੇ ਕੰਮ ਦਾ ਵੀ ਜਾਇਜ਼ਾ ਲਿਆ।

ਉਪਰੰਤ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਤਿੰਨ ਮਹੀਨੇ ਦੇ ਅੰਦਰ ਅੰਦਰ ਜਿੱਥੇ ਟਰੀਟਮੈਂਟ ਪਲਾਂਟ ਦਾ ਕੰਮ ਮੁਕੰਮਲ ਹੋ ਜਾਵੇਗਾ, ਉਥੇ ਹੀ ਆਊਟਰ ਕਾਲੋਨੀਆਂ 'ਚ ਚੱਲ ਰਹੇ ਕਰੀਬ 10 ਕਰੋੜ ਦੇ ਵਿਕਾਸ ਕਾਰਜ ਵੀ ਜਲਦ ਪੂਰੇ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਧਰਮੀ ਰਾਜਿਆਂ ਦੀ ਨਗਰੀ ਵਜੋਂ ਜਾਣੇ ਜਾਂਦੇ ਰਿਆਸਤੀ ਸ਼ਹਿਰ ਨਾਭਾ ਨੂੰ ਹਰਿਆ ਭਰਿਆ ਬਣਾਉਣ ਲਈ ਸ਼ਹਿਰ ਦੀਆਂ ਵੱਖ-ਵੱਖ ਸੜਕਾਂ 'ਤੇ ਬੂਟੇ ਲਗਾਉਣ ਦਾ ਕੰਮ ਵੀ ਜਲਦੀ ਸ਼ੁਰੂ ਹੋਵੇਗਾ, ਕਿਉਂ ਜੋ ਜਿੱਥੇ ਬੂਟੇ ਲਗਾਉਣ ਨਾਲ ਵਾਤਾਵਰਨ ਸਾਫ ਰਹੇਗਾ, ਉੱਥੇ ਸਮੁੱਚੀਆਂ ਜ਼ਿੰਦਗੀਆਂ ਨੂੰ ਆਕਸੀਜਨ ਦੀ ਘਾਟ ਵੀ ਨਹੀਂ ਰਹੇਗੀ ਅਤੇ ਉਹ ਬਿਮਾਰੀਆਂ ਤੋਂ ਬਚ ਸਕਣਗੀਆਂ। ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਨੇ ਕਿਹਾ ਕਿ ਕੈਬਨਿਟ ਮੰਤਰੀ ਧਰਮਸੋਤ ਦੀ ਅਗਵਾਈ ਹੇਠ ਰਿਆਸਤੀ ਸ਼ਹਿਰ ਨਾਭਾ ਨੂੰ ਸੁੰਦਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਕਰਕੇ ਉਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ 'ਚ ਨਗਰ ਕੌਂਸਲ ਦਾ ਉਹ ਪੂਰਾ ਸਾਥ ਦੇਣ। ਪ੍ਰਧਾਨ ਸ਼ੈਂਟੀ ਮਿੱਤਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਨੂੰ ਲੈ ਕੇ ਜਾਰੀ ਕੀਤੀਆਂ ਹਦਾਇਤਾਂ ਦੀ ਹੂ-ਬ-ਹੂ ਪਾਲਣਾ ਕਰਨ ਤਾਂ ਜੋ ਕੋਰੋਨਾ ਮਹਾਮਾਰੀ 'ਤੇ ਜਿੱਤ ਪ੍ਰਰਾਪਤ ਕੀਤੀ ਜਾ ਸਕੇ। ਇਸ ਮੌਕੇ ਪ੍ਰਧਾਨ ਸ਼ੈਂਟੀ ਮਿੱਤਲ ਤੋਂ ਇਲਾਵਾ ਚਰਨਜੀਤ ਬਾਤਿਸ਼ ਸਿਆਸੀ ਸਕੱਤਰ ਮੰਤਰੀ ਧਰਮਸੋਤ, ਇੰਸਪੈਕਟਰ ਤੇਜਾ ਸਿੰਘ, ਸੀਈਓ ਹੀਰਾ ਆਟੋਜ਼ ਗੌਰਵ ਗਾਬਾ ਅਤੇ ਐਡਵੋਕੇਟ ਨਿਤਿਨ ਜੈਨ ਆਦਿ ਮੌਜੂਦ ਸਨ।