ਜਗਤਾਰ ਮਹਿੰਦੀਪੁਰੀਆ, ਬਲਾਚੌਰ

ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਪਿੰਡ ਠਠਿਆਲਾ ਬੇਟ ਵਿਖੇ ਠਠਿਆਲਾ ਅਤੇ ਦੁੱਗਰੀ ਬੇਟ ਦੇ ਵਸਨੀਕਾਂ ਲਈ ਨਵੀਂ ਜਲ ਸਪਲਾਈ ਸਕੀਮ ਦੀ ਉਸਾਰੀ ਦੀ ਸ਼ੁਰੂਆਤ ਕਰਵਾਈ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਦੋ ਪਿੰਡਾਂ ਦੀ ਜਲ ਸਪਲਾਈ ਪਹਿਲਾਂ ਨਿਆਣਾ ਬੇਟ ਅਤੇ ਗਰਲੋ ਨਾਲ ਸਾਂਝੀ ਹੋਣ ਕਾਰਨ ਪਾਣੀ ਦੀ ਸਪਲਾਈ 'ਚ ਮੁਸ਼ਕਿਲ ਆਉਂਦੀ ਸੀ ਪਰ ਹੁਣ ਨਵੀਂ ਸਕੀਮ ਦੇ ਸ਼ੁਰੂ ਹੋਣ ਨਾਲ ਇਹ ਸਮੱਸਿਆ ਖਤਮ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਜਲ ਸਪਲਾਈ ਸਕੀਮ 'ਤੇ 39.39 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਨੂੰ ਤਿੰਨ ਮਹੀਨੇ ਦੇ ਰਿਕਾਰਡ ਸਮੇਂ 'ਚ ਮੁਕੰਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰੱਤੇਵਾਲ ਨੇੜੇ ਬੀਡੀਓ ਵਾੜਾ ਤੇ ਰੈਲਮਾਜਰਾ 'ਚ ਪ੍ਰਰੇਮ ਨਗਰ ਵਿਖੇ ਵੀ ਜਲਦੀ ਹੀ ਨਵੀਂਆਂ ਜਲ ਸਪਲਾਈ ਸਕੀਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਬੀਡੀਓ ਵਾੜਾ ਵਿਖੇ ਲੱਗਣ ਵਾਲੀ ਜਲ ਸਪਲਾਈ ਸਕੀਮ ਦਾ ਟੈਂਡਰ ਵੀ ਲਗ ਗਿਆ ਹੈ ਅਤੇ ਇਸ 'ਤੇ 55 ਲੱਖ ਰੁਪਏ ਦੀ ਲਾਗਤ ਆਵੇਗੀ। ਚੌਧਰੀ ਮੰਗੂਪੁਰ ਨੇ ਕਿਹਾ ਕਿ ਉਨ੍ਹਾਂ ਦਾ ਇਕੋ-ਇਕ ਉਦੇਸ਼ ਬਲਾਚੌਰ ਹਲਕੇ ਦੀਆਂ ਜ਼ਮੀਨੀ ਪੱਧਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਕੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ, ਜਿਸ ਲਈ ਉਹ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਉਹ ਬਲਾਚੌਰ ਵਿਧਾਨ ਸਭਾ ਹਲਕੇ ਦੀਆਂ ਲੋੜਾਂ ਨੂੰ ਤਰਜੀਹੀ ਆਧਾਰ 'ਤੇ ਸਰਕਾਰ ਪਾਸੋਂ ਪੂਰਾ ਕਰਵਾਉਣ ਲਈ ਵੱਖ-ਵੱਖ ਪੱਧਰਾਂ 'ਤੇ ਸੰਪਰਕ ਕਰ ਕੇ ਪੂਰਾ ਕਰਵਾ ਰਹੇ ਹਨ। ਇਸ ਮੌਕੇ ਦਰਸ਼ਨ ਸਿੰਘ ਸਰਪੰਚ ਠਠਿਆਲਾ ਬੇਟ, ਬਲਵਿੰਦਰ ਸਿੰਘ ਸਰਪੰਚ ਦੁੱਗਰੀ, ਗੁਰਮੇਲ ਸਿੰਘ ਗਰਲੋਂ, ਗੁਰਮੇਲ ਰਾਮ ਪੰਚ ਠਠਿਆਲਾ ਬੇਟ, ਰਾਣਾ ਵਿਜੇ ਕੁਮਾਰ ਨਾਨੋਵਾਲ ਸਰਪੰਚ, ਮੋਹਨ ਸਿੰਘ ਨਿਆਣਾ ਬੇਟ, ਜੇਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਰਿੰਦਰ ਨਾਥ ਸੂਦਨ ਤੋਂ ਇਲਾਵਾ ਪਿੰਡ ਵਾਸੀ ਵੀ ਹਾਜ਼ਰ ਸਨ।