ਸਟਾਫ ਰਿਪੋਰਟਰ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਵਾਲੀਬਾਲ ਪੁਰਸ਼ ਟੀਮ ਨੇ ਅਮੇਟੀ ਯੂਨੀਵਰਸਿਟੀ ਗੁੜਗਾਵਾਂ ਵਿਖੇ ਹਾਲ ਹੀ ਵਿਚ ਸਮਾਪਤ ਹੋਈ ਉੱਤਰ ਭਾਰਤੀ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ ਜਿੱਤ ਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਸੀਨੀਅਰ ਵਾਲੀਬਾਲ ਕੋਚ ਦਲ ਸਿੰਘ ਬਰਾੜ ਦੀ ਅਗਵਾਈ ਵਿਚ ਗਈ ਪੁਰਸ਼ਾਂ ਦੀ ਟੀਮ ਨੇ ਸਭ ਤੋਂ ਪਹਿਲਾਂ ਦਿੱਲੀ ਯੂਨੀਵਰਸਿਟੀ ਨੂੰ 3-1 ਦੇ ਸੈੱਟ ਸਕੋਰਾਂ ਨਾਲ ਕੁਆਟਰਫਾਈਨਲ ਮੈਚ ਹਰਾਉਂਦੇ ਹੋਏ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। 7 ਤੋਂ 10 ਨਵੰਬਰ 2019 ਤੱਕ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਪੂਰੇ ਉੱਤਰੀ ਭਾਰਤ ਦੀਆਂ ਕੁੱਲ 52 ਯੂਨੀਵਰਸਿਟੀਆਂ ਨੇ ਭਾਗ ਲਿਆ। ਨਾਕ ਆਉਟ ਕਮ ਲੀਗ ਤੇ ਅਧਾਰਿਤ ਹੋਏ ਇਹਨਾਂ ਮੁਕਾਬਲਿਆਂ ਵਿਚ ਪਹਿਲਾ ਸਥਾਨ ਕੁਰੂਕਸ਼ੇਤਰ ਯੂਨੀਵਰਸਿਟੀ, ਦੂਜਾ ਸਥਾਨ ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਅਤੇ ਤੀਜਾ ਸਥਾਨ ਪੰਜਾਬੀ ਯੂਨੀਵਰਸਿਟੀ ਨੇ ਪ੍ਰਰਾਪਤ ਕੀਤਾ।

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੋਚ ਦਲ ਸਿੰਘ ਬਰਾੜ ਨੇ ਦੱਸਿਆ ਕਿ ਉਹਨਾਂ ਦੇ ਚੰਡੇ ਹੋਏ ਵਾਲੀਬਾਲ ਖਿਡਾਰੀਆਂ ਨੇ ਇਹਨਾਂ ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਰਬ ਭਾਰਤੀ ਅੰਤਰਵਰਸਿਟੀ ਖੇਡ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ ਹੈ ਅਤੇ ਉਹਨਾਂ ਨੂੰ ਪੂਰਨ ਆਸ ਹੈ ਕਿ ਉਹਨਾਂ ਦੇ ਖਿਡਾਰੀ ਸਰਬ ਭਾਰਤੀ ਖੇਡ ਮੁਕਾਬਲਿਆਂ ਵਿਚ ਹੋਰ ਵਧੀਆ ਪ੍ਰਦਰਸ਼ਨ ਕਰਨਗੇ। ਇਸ ਮੌਕੇ ਤੇ ਉਹਨਾਂ ਨਾਲ ਰਣਬੀਰ ਸਿੰਘ ਬੋਲੀ ਬਤੌਰ ਮੈਨੇਜਰ ਗਏ ਸਨ। ਟੀਮ ਦੇ ਯੂਨੀਵਰਸਿਟੀ ਪੁੱਜਣ ਮੌਕੇ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਵੱਲੋਂ ਨਿੱਘਾ ਵਾਗਤ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਪਿ੍ਰਤਪਾਲ ਸਿੰਘ ਸੰਧੂ, ਸੁਖਦੇਵ ਸਿੰਘ ਸੰਧੂ ਰਿਟਾ. ਵਾਲੀਬਾਲ ਕੋਚ, ਨਰੇਸ਼ ਪਾਠਕ, ਸੂਰਜ ਪ੍ਰਕਾਸ਼ ਕੋਚ ਪੰਜਾਬ ਪੁਲਿਸ ਅਤੇ ਸਰਣਜੀਤ ਸਿੰਘ ਰਾਣਾ ਅੰਤਰ ਰਾਸ਼ਟਰੀ ਖਿਡਾਰੀ ਅਤੇ ਗੁਰਜੀਤ ਸਿੰਘ, ਹਰਮਿੰਦਰਪਾਲ ਸਿੰਘ, ਮਨਜੀਤ ਸਿੰਘ ਬਰਾੜ ਐਸ.ਪੀ ਆਦਿ ਨੇ ਇਸ ਮੌਕੇ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਸਰਬ ਭਾਰਤੀ ਅੰਤਰਵਰਸਿਟੀ ਖੇਡ ਮੁਕਾਬਲਿਆਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।