ਆਵਾਜਾਈ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ:ਇੰਦਰਪ੍ਰਰੀਤ ਸਿੰਘ

ਅਸ਼ਵਨੀ ਸੋਢੀ, ਮਾਲੇਰਕੋਟਲਾ : ਬੁੱਧਵਾਰ ਨੂੰ ਇੱਥੋਂ ਦੇ ਗਰੇਵਾਲ ਚੌਕ 'ਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਗਰੇਵਾਲ ਦੀਆ ਹਦਾਇਤਾਂ ਤੇ ਡੀਐੱਸਪੀ ਪਵਨਜੀਤ ਚੌਧਰੀ ਦੀ ਅਗਵਾਈ ਹੇਠ ਜ਼ਿਲਾ ਟ੍ਰੈਫਿਕ ਇੰਚਾਰਜ ਇੰਦਰਪ੍ਰਰੀਤ ਸਿੰਘ ਤੇ ਇੰਚਾਰਜ ਸਹਿਰੀ ਟ੍ਰੈਫਿਕ ਕਮ ਪੀਸੀਆਰ ਗੁਰਮੁੱਖ ਸਿੰਘ ਲੱਡੀ ਵੱਲੋਂ ਬੇਲਗਾਮ ਹੋ ਰਹੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਣ ਲਈ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਵਾਪਰ ਰਹੇ ਹਾਦਸਿਆਂ ਨੂੰ ਠੱਲ ਪਾਉਣ ਲਈ ਟ੍ਰੈਫਿਕ ਪੁਲਿਸ ਹਰਕਤ 'ਚ ਆਈ ਹੈ।

ਬੁੱਧਵਾਰ ਨੂੰ ਇੱਥੋਂ ਦੇ ਗਰੇਵਾਲ ਚੌਕ ਵਿਖੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਇੰਦਰਪ੍ਰਰੀਤ ਸਿੰਘ ਅਤੇ ਗੁਰਮੁੱਖ ਸਿੰਘ ਲੱਡੀ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੇ ਨਾਕਾ ਲਾ ਕੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲਾ ਟ੍ਰੈਫਿਕ ਇੰਚਾਰਜ਼ ਇੰਦਰਪ੍ਰਰੀਤ ਸਿੰਘ ਨੇ ਦੱਸਿਆ ਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਬਿਨਾਂ ਕਾਗਜ਼ਾਤ, 2 ਪਹੀਆ ਵਾਹਨ ਤੇ ਟਿ੍ਪਲ ਸਵਾਰੀ, ਬਿੰਨਾਂ ਨੰਬਰ ਪਲੇਟ ਆਦਿ ਆਵਾਜਾਈ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ ਅਤੇ ਹੁਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਚੇਤਵਾਨੀ ਦੇ ਕੇ ਛੱਡਿਆ ਗਿਆ ਤੇ ਭਵਿੱਖ 'ਚ ਅਜਿਹਾ ਕਰਨ ਤੇ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ।

ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਦੌਰਾਨ ਹੋ ਰਹੀਆਂ ਮੌਤਾਂ ਨੂੰ ਘੱਟ ਕਰਨ ਲਈ ਹਰੇਕ ਵਿਅਕਤੀ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਉਨਾਂ ਦੇ ਮਾਪਿਆਂ ਵੱਲੋਂ ਵਾਹਨ ਚਲਾਉਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨਸ਼ੇ ਦਾ ਸੇਵਨ ਕਰਕੇ ਵਾਹਨ ਚਲਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਉਨਾਂ ਦੱਸਿਆ ਕਿ ਟ੍ਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਜਾਂਦਾ ਹੈ, ਇਸਦੇ ਬਾਵਜੂਦ ਵੀ ਲੋਕ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਨਹੀਂ ਰੱਖਦੇ। ਉਨਾਂ ਦੱਸਿਆ ਕਿ ਇਹ ਕਾਰਵਾਈ ਲਗਾਤਾਰ ਜ਼ਾਰੀ ਰਹੇਗੀ ਤੇ ਆਵਾਜਾਈ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨਾਂ ਨਾਲ ਏ.ਐਸ.ਆਈ ਭੋਲਾ ਸਿੰਘ , ਹੋਲਦਾਰ ਜਗਤਾਰ ਸਿੰਘ ਆਦਿ ਕਰਮਚਾਰੀ ਵੀ ਹਾਜ਼ਰ ਸਨ।