ਰਕੇਸ਼ ਸ਼ਰਮਾ, ਭੁੱਨਰਹੇੜੀ

ਗੁਆਂਢੀ ਰਾਜ ਹਰਿਆਣਾ ਹੱਦ ਨਾਲ ਲੱਗਦਾ ਕਸਬਾ ਭੁਨਰਹੇੜੀ ਜਿਲ੍ਹੇ ਵਿਚ ਖਾਸ ਅਹਿਮੀਅਤ ਰੱਖਦਾ ਹੈ। ਕਿਸੇ ਸਮੇਂ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਪਸੰਦੀਦਾ ਅਰਾਮਗਾਹ ਵਾਲਾ ਕਸਬਾ ਭੁਨਰਹੇੜੀ ਅੱਜ ਵੀ ਜਿਥੇ ਦੇਸ਼ ਨੂੰ ਕਈ ਨਾਮੀ ਖਿਡਾਰੀ ਵੀ ਦੇ ਚੁੱਕਿਆ ਹੈ ਉਥੇ ਹੀ ਆਪਣੇ ਹਲਾਤਾਂ ਦੇ ਸੁਧਰਣ ਦੀ ਉਢੀਕ ਵੀ ਕਰ ਰਿਹਾ ਹੈ। ਕਸਬਾ ਭੁਨਰਹੇੜੀ ਨੂੰ ਬੇਸ਼ੱਕ ਬਲਾਕ ਦਾ ਦਰਜਾ ਪ੍ਰਰਾਪਤ ਹੈ ਅਤੇ 152 ਪਿੰਡਾਂ ਦੇ ਬਲਾਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਇਸ ਵਿਚ ਸਹੂਲਤਾ ਇੱਕ ਆਮ ਪਿੰਡ ਤੋਂ ਵੀ ਘੱਟ ਹਨ।

-----

ਦੇਸ਼ ਨੂੰ ਦੇ ਚੁੱਕਿਆ ਕਈ ਹੋਣਹਾਰ ਖਿਡਾਰੀ ਭੁੱਨਰਹੇੜੀ ਦਾ ਸਟੇਡੀਅਮ

ਭੁਨਰਹੇੜੀ ਦੇ ਖੇਡ ਸਟੇਡੀਅਮ ਵਿਚ ਨਾਲ ਲੱਗਦੇ 40 ਤੋਂ ਵੱਧ ਪਿੰਡ ਦੇ ਨੌਜਵਾਨਾਂ ਨੂੰ ਵਧੀਆ ਖਿਡਾਰ ਵੀ ਬਣਾਇਆ ਜਾ ਰਿਹਾ ਹੈ ਤੇ ਤੇ ਅਨੇਕਾਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖਿਡਾਰੀ ਪੈਦਾ ਹੋਣ ਦਾ ਮਾਣ ਹਾਸਲ ਹੈ। ਹੈਂਡਬਾਲ ਦੇ ਖਿਡਾਰੀ ਇੰਸਪੈਕਟਰ ਕਰਮਜੀਤ ਸਿੰਘ, ਇੰਸਪੈਕਟਰ ਕੁਲਵਿੰਦਰ ਸਿੰਘ, ਇੰਸਪੈਕਟਰ ਪਵਨ ਕੁਮਾਰ, ਏਐਸਆਈ ਰਜਿੰਦਰ ਸਿੰਘ, ਅੰਤਰ ਰਾਸ਼ਟਰੀ ਮੁੱਕੇਬਾਜ ਕੁਲਦੀਪ ਸਿੰਘ ਰੇਲਵੇ, ਹੈਂਡਬਾਲ ਖਿਡਾਰੀ ਮਨਪ੍ਰਰੀਤ ਸਿੰਘ ਤੇ ਤਰਸੇਮ ਕੁਮਾਰ ਦਾ ਨਾਮ ਜਿਕਰਯੋਗ ਹੈ। ਇਸ ਸਟੇਡੀਅਮ ਤੋਂ ਨਿਕਲੀਆਂ ਹੈਂਡਬਾਲ ਦੀਆਂ ਟੀਮਾਂ ਪੰਜਾਬ ਦਾ ਨਾਮ ਵਿਸ਼ਵ ਪੱਧਰ 'ਤੇ ਵੀ ਰੌਸ਼ਨ ਕਰ ਚੁੱਕੀਆਂ ਹਨ। ਕੋਚ ਲਤੀਫ ਮੁਹੰਮਦ ਵਲੋਂ ਸਟੇਡੀਅਮ ਵਿਚ ਸਵੇਰੇ ਤੇ ਸ਼ਾਮ ਖਿਡਾਰੀਆਂ ਨੂੰ ਕੋਚਿੰਗ ਦਿੱਤੀ ਜਾਂਦੀ ਹੈ। ਕੋਚ ਲਤੀਫ ਦੱਸਦੇ ਹਨ ਕਿ ਇਸ ਸਟੇਡੀਅਮ ਦੇ ਕਈ ਖਿਡਾਰੀ ਸਰਕਾਰੀ ਨੌਕਰੀਆਂ ਵੀ ਹਾਸਲ ਕਰ ਚੁੱਕੇ ਹਨ ਤੇ ਹੈਂਡਬਾਲ ਦੀਆਂ ਟੀਮਾਂ ਕਈ ਦੇਸ਼ਾਂ ਵਿਚ ਸੋਨ ਤੋਗਮੇ ਵੀ ਹਾਸਲ ਕਰ ਚੁੱਕੀਆਂ ਹਨ। ਚਾਰ ਖਿਡਾਰੀਆਂ ਨੂੰ ਪੰਜਾਬ ਸਰਕਾਰ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਕੇ ਸਨਮਾਨਤ ਕਰ ਚੁੱਕੀ ਹੈ। ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵਲੋਂ ਪਿਛਲੇ ਸਮੇਂ ਵਿਚ ਹੈਂਡਬਾਲ ਦੀਆਂ ਅੰਤਰਰਾਸ਼ਟਰੀ ਟੀਮਾਂ ਦੇ ਖੇਡ ਮੁਕਾਬਲੇ ਕਰਵਾਏ ਗਏ। ਕਲੱਬ ਦੇ ਬਾਨੀ ਤੇ ਬਲਾਕ ਸੰਮਤੀ ਮੈਂਬਰ ਡਾ. ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਖੇਡ ਮੈਦਾਨ ਵਿਚ ਸਿਖਲਾਈ ਲੈ ਰਹੇ ਖਿਡਾਰੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ 200 ਮੀਟਰ ਦਾ ਟਰੈਕ ਤਿਆਰਕੀਤਾ ਜਾਵੇਗਾ ਤੇ ਤਿੰਨ ਖੇਡ ਮੈਦਾਨ ਨਵੇਂ ਤਿਆਰ ਕੀਤੇ ਜਾਣਗੇ।

------

ਮਹਾਰਾਜਾ ਭੁਪਿੰਦਰ ਸਿੰਘ ਨੇ ਰਹਿਣ ਲਈ ਬਣਾਈ ਸੀ ਆਲੀਸ਼ਾਨ ਇਮਾਰਤ

ਭੁਨਰਹੇੜੀ ਵਿਖੇ ਪਟਿਆਲਾ ਰਿਆਸਤ ਦੇ ਰਾਜੇ ਮਹਾਰਾਜਿਆਂ ਦੀ ਵਿਰਾਸਤੀ ਇਮਾਰਤ ਹੈ। ਦੱਸਿਆ ਜਾਂਦਾ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ ਇਸ ਇਮਾਰਤ ਨੂੰ ਆਰਾਮ ਘਰ ਵਜੋਂ ਵਰਤਦੇ ਸਨ ਜਦੋਂ ਕਿ ਭੁਨਰਹੇੜੀ ਦੇ ਨਾਲ ਲੱਗਦੇ ਕਈ ਕਿਲੋਮੀਟਰ ਦੇ ਇਲਾਕੇ ਵਿਚ ਸੰਘਣਾ ਜੰਗਲ ਹੁੰਦਾ ਸੀ ਅਤੇ ਇਸੇ ਜੰਗਲ ਦੇ ਵਿਚ ਮਹਾਰਾਜਾ ਭੁਪਿੰਦਰ ਸਿੰਘ ਅਕਸਰ ਸ਼ਿਕਾਰ ਖੇਡਣ ਲਈ ਆਉਂਦੇ ਰਹਿੰਦੇ ਸਨ। ਚਾਰਦੀਵਾਰੀ ਦੇ ਅੰਦਰ ਦੋ ਵੱਖ ਵੱਖ ਇਮਾਰਤ ਹਨ ਇੱਕ ਵਿਚ ਮਹਾਰਾਜਾ ਭੁਪਿੰਦਰ ਸਿੰਘ ਖੁਦ ਠਹਿਰਦੇ ਸਨ ਅਤੇ ਦੂਜੀ ਇਮਾਰਤ ਦੇ ਵਿਚ ਉਨ੍ਹਾਂ ਦੇ ਅਹਿਲਕਾਰ ਠਹਿਰਦੇ ਸਨ। ਰਿਆਸਤਾਂ ਟੁੱਟਣ ਤੋਂ ਬਾਅਦ ਇਹ ਇਮਾਰਤ ਰਾਜਨੀਤਿਕ ਸਰਗਰਮੀਆਂ ਦਾ ਕੇਂਦਰ ਵੀ ਬਣੀ ਰਹੀ। ਜਾਣਕਾਰਾਂ ਮੁਤਾਬਕ ਮੁੱਖ ਮੰਤਰੀ ਬਨਣ ਤੋਂ ਬਾਅਦ ਗਿਆਨੀ ਜ਼ੈਲ ਸਿੰਘ ਉਸ ਵੇਲੇ ਵੀ ਉਹ ਇਸ ਇਮਾਰਤ ਵਿਚ ਆਏ ਸਨ। ਇਹ ਇਮਾਰਤ ਸੰਨ 1970 ਦੇ ਕਰੀਬ ਪ੍ਰਰਾਇਮਰੀ ਸਿੱਖਿਆ ਦਾ ਕੇਂਦਰ ਵੀ ਰਿਹਾ ਹੈ ਜਿਥੇ ਨੇੜਲੇ 30-35 ਪਿੰਡਾਂ ਦੇ ਬੱਚੇ ਮੁਢਲੀ ਸਿੱਖਿਆ ਹਾਸਲ ਕਰਨ ਆਉਂਦੇ ਸਨ। ਮੌਜੂਦਾ ਸਮੇਂ ਇਸ ਇਮਾਰਤ ਇੱਕ ਹਿੱਸੇ ਵਿਚ ਪੁਲਿਸ ਚੌਂਕੀ ਹੈ ਤੇ ਦੂਸਰੇ ਹਿੱਸੇ ਵਿਚ ਜੰਗਲਾਤ ਵਿਭਾਗ ਵਲੋਂ ਨਰਸਰੀ ਵੀ ਬਣਾਈ ਗਈ ਹੈ। ਇਤਿਹਾਸਕ ਸ਼ਿਵ ਮੰਦਿਰ ਹੈ ਜਿਥੇ ਦੂਰ ਦੁਰਾਡੇ ਤੋਂ ਲੋਕ ਮੱਥਾ ਟੇਕਣ ਲਈ ਵੀ ਪੁੱਜਦੇ ਹਨ। ਇਸ ਮੰਦਰ ਵਿਚ ਬਾਬਾ ਬਾਦਲ ਗਿਰ ਜੀ ਦੀ ਸਮਾਧੀ ਬਣੀ ਹੋਈ ਹੈ ਜੋਕਿ ਸੰਨਿਆਸੀਆਂ ਦੇ ਵਿੱਚੋਂ ਗਿਰੀ ਸੰਪ੍ਰਦਾਇ ਦੇ ਮਹੰਤ ਸਨ। ਦੱਸਿਆ ਜਾਂਦਾ ਹੈ ਕਿ ਬਾਬਾ ਬਾਦਲ ਗਿਰ ਨੇ ਸ਼ਿਵ ਮੰਦਿਰ ਵਿਚ ਤਪ ਕੀਤਾ ਤੇ ਇਕ ਸਦੀ ਪਹਿਲਾਂ ਉਹ ਸਮਾਧੀ ਲੈ ਗਏ ਸਨ।

------

ਖੁਦ ਨੌਕਰੀ ਦੀ ਭਾਲ 'ਚ, ਹੋਰਾਂ ਨੂੰ ਨੌਕਰੀਆਂ ਦਿਵਾਉਣ ਵਾਲਾ ਕੋਚ ਲਤੀਫ

ਹੈਂਡਬਾਲ ਕੋਚ ਲਤੀਫ ਮੁਹੰਮਦ ਵਲੋਂ ਭਾਵੇਂ ਕਿ ਸੈਂਕੜੇ ਖਿਡਾਰੀਆਂ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ ਅਤੇ ਕਈ ਖਿਡਾਰੀ ਸੋਨੇ ਅਤੇ ਚਾਂਦੀ ਦੇ ਤਗਮੇ ਪ੍ਰਰਾਪਤ ਕਰ ਕੇ ਸਰਕਾਰੀ ਨੌਕਰੀਆਂ ਪ੍ਰਰਾਪਤ ਕਰ ਚੁੱਕੇ ਹਨ ਪ੍ਰੰਤੂ ਅੱਜ ਕੋਚ ਲਤੀ ਖ਼ੁਦ ਸਰਕਾਰੀ ਨੌਕਰੀ ਤੋਂ ਵਾਂਝਾ ਹੀ ਹੈ। ਕੋਚ ਨੌਕਰੀ ਸਬੰਧੀ ਵੱਖ ਵੱਖ ਥਾਵਾਂ 'ਤੇ ਟਰਾਇਲ ਦੇ ਚੁੱਕੇ ਹਨ ਪਰ ਕਿਸੇ ਵੀ ਸਰਕਾਰ ਨੇ ਹਾਲੇ ਤੱਕ ਕੋਚ ਲਤੀ ਮੁਹੰਮਦ ਦੀ ਪੁਕਾਰ ਨਹੀਂ ਸੁਣੀ। ਲਤੀਫ਼ ਮੁਹੰਮਦ ਆਪਣੇ ਬਜ਼ੁਰਗ ਪਿਤਾ ਅਤੇ ਆਪਣੇ ਭਰਾ ਦਾ ਪਰਿਵਾਰ ਚਲਾ ਰਿਹਾ ਹੈ। ਕੋਚ ਦੇ ਭਰਾ ਦੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਜਿਸ ਕਾਰਨ ਉਸ ਦੇ ਭਰਾ ਦੇ ਪਰਿਵਾਰ ਦੀ ਪਰਵਰਿਸ਼ ਕੋਚ ਲਤੀਫ਼ ਮੁਹੰਮਦ ਹੀ ਕਰ ਰਿਹਾ ਹੈ। ਉਸ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਕਿਸੇ ਵੀ ਕੋਟੇ ਵਿੱਚੋਂ ਉਸ ਨੂੰ ਭਰਤੀ ਕੀਤਾ ਜਾਵੇ। ਉਹ ਆਪਣਾ ਅਤੇ ਆਪਣੇ ਭਰਾ ਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਵੱਖ ਵੱਖ ਸਕੂਲਾਂ ਵਿਚ ਪਾਰਟ ਟਾਈਮ ਜਾਬ ਕਰਕੇ ਕਈ ਖਿਡਾਰੀਆਂ ਨੂੰ ਕੋਚਿੰਗ ਦੇ ਰਹੇ ਹਨ।

-----

ਸਮੱਸਿਆਵਾਂ ਦਾ ਨਾ ਹੋਇਆ ਹੱਲ

ਇਸ ਕਸਬੇ ਦੀ ਸੀਵਰੇਜ ਦੀ ਮੁੱਖ ਸਮੱਸਿਆ ਹੈ ਜਿਸ ਕਾਰਨ ਲੋਕਾਂ ਨੂੰ ਗੰਦੇ ਪਾਣੀ ਦੇ ਨਿਕਾਸੀ ਲਈ ਪ੍ਰਬੰਧਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਗੰਦੇ ਪਾਣੀ ਕਾਰਨ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਪੱਤਰ ਰਾਹੀਂ ਜਾਣੂ ਵੀ ਕਰਵਾਇਆ ਗਿਆ ਹੈ। ਲੋਕਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਬੀਡੀਪੀਓ ਭੁਨਰਹੇੜੀ ਸਥਾਈ ਹੱਲ ਕਰਨ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਸਨ ਪ੍ਰੰਤੂ ਅੱਜ ਵੀ ਭੁੰਨਰਹੇੜੀ ਦੇ ਕਈ ਮੁਹੱਲੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਣ ਕਾਰਨ ਪ੍ਰਰੇਸ਼ਾਨ ਹਨ। ਗੰਦੇ ਪਾਣੀ ਦੇ ਨਿਕਾਸੀ ਲਈ ਯੋਜਨਾ ਵਾਲੀ ਫਾਈਲ ਦਫ਼ਤਰੀ ਕਾਗ਼ਜ਼ਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ।

------

ਸਾਬਕਾ ਸਰਪੰਚ ਨੇ ਵਿਸ਼ੇਸ਼ ਗ੍ਾਂਟ ਦੀ ਕੀਤੀ ਮੰਗ

ਬਲਾਕ ਸੰਮਤੀ ਮੈਂਬਰ ਤੇ ਸਾਬਕਾ ਸਰਪੰਚ ਡਾ. ਗੁਰਮੀਤ ਸਿੰਘ ਬਿੱਟੂ ਵਲੋਂ ਪਿੰਡ ਦੇ ਵਿਕਾਸ ਲਈ ਮੰਗ ਕੀਤੀ ਗਈ ਹੈ ਕਿ ਪਿੰਡ ਭੁਨਰਹੇੜੀ ਵਿਖੇ ਸੀਵਰੇਜ ਲਈ ਵਿਸ਼ੇਸ਼ ਗ੍ਾਂਟ ਮੁਹੱਈਆ ਕਰਵਾਈ ਜਾਵੇ, ਪਟਵਾਰ ਖਾਨਾ ਸਥਾਪਿਤ ਕੀਤਾ ਜਾਵੇ। ਬਹੁਤ ਸਾਰੇ ਬਜ਼ੁਰਗਾਂ ਨੂੰ ਪੈਨਸ਼ਨਾਂ ਸਬੰਧੀ ਆਪਣੇ ਕਾਗਜ਼ਾਤ ਲੈ ਕੇ ਪਟਿਆਲਾ ਜਾਣਾ ਪੈਂਦਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਸੀਡੀਪੀਓ ਦਫ਼ਤਰ ਭੁਨਰਹੇੜੀ ਵਿਚ ਬਣਾਇਆ ਜਾਵੇ। ਬੀਡੀਪੀਓ ਦਫ਼ਤਰ ਬਣਾਉਣ ਲਈ ਗ੍ਰਾਂਟ ਮੁਹੱਈਆ ਕਰਵਾਈ ਜਾਵੇ।