ਸਟਾਫ ਰਿਪੋਰਟਰ, ਪਟਿਆਲਾ : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਲਗਾਏ ਗਏ ਕਰਫਿਊ ਕਰਕੇ ਜੇਲ੍ਹਾਂ 'ਚ ਜਿਥੇ ਕਈ ਮਾਮਲਿਆਂ 'ਚ ਨਾਮਜ਼ਦ ਕੈਦੀਆਂ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਜਾ ਚੁੱਕਿਆ ਹੈ ਜਦੋਕਿ ਜੇਲ੍ਹਾਂ ਵਿਚ ਬਾਕੀ ਬੰਦ ਕੈਦੀਆਂ ਦੀਆਂ ਮੁਲਾਕਾਤਾਂ ਫਿਲਹਾਲ ਬੰਦ ਹਨ। ਕਰਫਿਊ ਦੀ ਸਥਿਤੀ 'ਚ ਵੀ ਜੇਲ੍ਹ ਵਿਚ ਬੰਦ ਕੈਦੀਆਂ ਦੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਵਾਉਣ ਦਾ ਹੱਲ ਲੱਭ ਲਿਆ ਹੈ। ਕੇਂਦਰੀ ਜੇਲ੍ਹ ਵਿਚ ਬੰਦ ਕੈਦੀ ਤੇ ਹਵਾਲਾਤੀਆਂ ਦੀ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਵੀਡਿਓ ਕਾਲ ਰਾਹੀਂ ਹੋਵੇਗੀ। ਪਟਿਆਲਾ ਦੀ ਕੇਂਦਰੀ ਜੇਲ੍ਹ 'ਚ 1628 ਕੈਦੀ ਬੰਦ ਹਨ ਜਿਨ੍ਹਾਂ ਦੀ ਜੇਲ੍ਹ ਵਿਚ ਮੁਲਾਕਾਤ ਲਈ ਪ੍ਰਸ਼ਾਸਨ ਵੱਲੋਂ ਵੱਖਰੇ ਮੋਬਾਈਲ ਨੰਬਰ ਜਾਰੀ ਕੀਤੇ ਜਾਣਗੇ। ਜਿਸ ਰਾਹੀਂ ਵੀਡਿਓ ਕਾਲ ਕਰ ਕੇ ਪਰਿਵਾਰ ਮੈਂਬਰ ਜੇਲ੍ਹ ਵਿਚ ਬੰਦ ਕੈਦੀ ਨਾਲ ਗੱਲਬਾਤ ਕਰ ਸਕਣਗੇ। ਇਸ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਵੱਖ ਤੋਂ ਲੈਪਟਾਪ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਤੇ ਸਾਰੀ ਗੱਲਬਾਤ ਨੂੰ ਰਿਕਾਰਡ ਵੀ ਕੀਤਾ ਜਾਵੇਗਾ।