ਭਾਰਤ ਭੂਸ਼ਣ ਗੋਇਲ, ਸਮਾਣਾ : ਕੋਰੋਨਾ ਬਿਮਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ। ਸੋਮਵਾਰ ਸਵੇਰੇ ਸਿਵਲ ਹਸਪਤਾਲ ਸਮਾਣਾ 'ਚ ਵੈਕਸੀਨ ਲਗਵਾਉਣ ਪਹੁੰਚੇ ਲੋਕਾਂ ਨੂੰ ਵੈਕਸੀਨ ਖ਼ਤਮ ਹੋ ਜਾਣ ਅਤੇ ਕੋਰੋਨਾ ਜਾਂਚ 'ਚ ਪਾਜ਼ੇਟਿਵ ਪਾਏ ਜਾਣ ਵਾਲੇ ਪੀੜਤ ਮਰੀਜ਼ਾਂ ਨੂੰ ਫਤਿਹ ਕਿੱਟ ਨਾ ਦਿੱਤੇ ਜਾਣ ਕਾਰਨ ਕਈ ਘੰਟੇ ਉਡੀਕ ਕਰਨ ਤੋਂ ਬਾਅਦ ਖਾਲੀ ਹੱਥ ਵਾਪਸ ਜਾਣਾ ਪਿਆ। ਵੈਕਸੀਨ ਲਗਵਾਉਣ ਪਹੁੰਚੇ ਬਿਮਲਾਦੇਵੀ, ਰੇਖਾ ਰਾਣੀ, ਸ਼ੀਲਾ ਰਾਣੀ, ਸਿਵ ਓਮ, ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਆਸ਼ਾ ਨੰਦ ਟੁਲਾਨੀ ਅਤੇ ਹੋਰਨਾਂ ਨੇ ਪੰਜਾਬ ਸਰਕਾਰ ਤੇ ਹਸਪਤਾਲ ਪ੍ਰਸ਼ਾਸਨ ਪ੍ਰਤੀ ਆਪਣਾ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਸਵੇਰ ਤੋਂ ਕੋਵਿਡ ਦਾ ਟੀਕਾ ਲਗਵਾਉਣ ਲਈ ਆਏ ਸਨ ਪਰ ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਟੀਕਾ ਲਾਉਣ ਲਈ ਹਸਪਤਾਲ ਦਾ ਕੋਈ ਵੀ ਮੁਲਾਜ਼ਮ ਨਹੀਂ ਆਇਆ। ਇਸ ਕਰਕੇ ਉਨ੍ਹਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਤੇ ਬਗੈਰ ਟੀਕਾਕਰਨ ਕਰਵਾਏ ਵਾਪਸ ਜਾਣਾ ਪਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਕੋਰੋਨਾ ਤੋਂ ਬਚਾਉਣ ਲਈ ਲਾਕਡਾਊਨ ਸਣੇ ਲੋਕਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਕੇ ਲੋਕਾਂ ਨੂੰ ਬਿਮਾਰੀ ਤੋਂ ਬਚਣ ਦੀ ਗੁਹਾਰ ਲਾ ਰਹੀ ਹੈ। ਜਦੋਂ ਕਿ ਸਰਕਾਰੀ ਹਸਪਤਾਲ 'ਚ ਨਾ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਮਰੀਜ਼ਾਂ ਨੂੰ ਜ਼ਿੰਦਗੀ ਬਚਾਉਣ ਵਾਲੇ ਉਪਕਰਨਾਂ ਵਾਲੀ ਫਤਿਹ ਕਿੱਟ ਦਿੱਤੀ ਜਾ ਰਹੀ ਹੈ।

----------

ਜਲਦ ਹੀ ਵੈਕਸੀਨ ਮੰਗਵਾਈ ਜਾਵੇਗੀ : ਸਿਵਲ ਸਰਜਨ

ਸੀਨੀਅਰ ਮੈਡੀਕਲ ਅਫਸਰ ਡਾ. ਕਰਮਜੀਤ ਸਿੰਘ ਅਤੇ ਸਿਵਲ ਸਰਜਨ ਪਟਿਆਲਾ ਨੇ ਵੀ ਇਲਾਕੇ 'ਚ ਵੈਕਸੀਨ ਅਤੇ ਕਿੱਟਾਂ ਦੀ ਭਾਰੀ ਕਿੱਲਤ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਵੈਕਸੀਨ ਤੇ ਕਿੱਟਾਂ ਸਟਾਕ 'ਚ ਮੌਜੂਦ ਨਹੀਂ ਹੈ, ਜਲਦ ਹੀ ਵੈਕਸੀਨ ਮੰਗਵਾ ਕੇ ਮੁੜ ਤੋਂ ਟੀਕਾਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।