ਜਗਨਾਰ ਸਿੰਘ ਦੁਲੱਦੀ, ਨਾਭਾ : ਸ਼ੁੱਕਰਵਾਰ ਨੂੰ ਰਿਆਸਤੀ ਸ਼ਹਿਰ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੋਵਿਡ ਵੈਕਸੀਨ ਦੀ ਦੂਸਰੀ ਡੋਜ਼ ਲਗਵਾ ਕੇ 18 ਤੋਂ 44 ਸਾਲ ਦੇ ਨਾਗਰਿਕਾਂ ਦੇ ਪਹਿਲੀ ਡੋਜ਼ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਵੈਕਸੀਨ ਲਗਾਉਣ ਨੂੰ ਲੈ ਕੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸਾਨੂੰ ਭਾਵੇਂ ਕਿੰਨੀ ਵੀ ਮਹਿੰਗੀ ਵੈਕਸੀਨ ਮੰਗਾਉਣੀ ਪਵੇ ਪੰਜਾਬ ਸਰਕਾਰ ਹਰ ਕੀਮਤ 'ਤੇ ਮੰਗਵਾਏਗੀ। ਮੰਤਰੀ ਧਰਮਸੋਤ ਨੇ ਸਾਰਿਆਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ। ਇਸ ਮੌਕੇ ਨਗਰ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਸਮੇਂ ਸਮੇਂ ਕੋਵਿਡ ਵੈਕਸੀਨ ਕੈਂਪ ਲਾਏ ਜਾ ਰਹੇ ਹਨ, ਬਹੁਤ ਹੀ ਸ਼ਲਾਘਯੋਗ ਹਨ। ਇਸ ਕਰਕੇ ਉਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਜਿੱਥੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰੀਏ ਉਥੇ ਹੀ ਮੂੰਹ 'ਤੇ ਮਾਸਕ ਵੀ ਜ਼ਰੂਰੀ ਲਗਾਉਣਗੇ।

ਇਸ ਮੌਕੇ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਵੈਕਸੀਨ ਲਗਵਾਉਣ ਤੋਂ ਬਾਅਦ ਗੱਲ ਕਰਦੇ ਹੋਏ ਕਿਹਾ ਕਿ ਇਹ ਵੈਕਸੀਨ ਸਾਰਿਆਂ ਨੂੰ ਹੀ ਲਗਵਾਊਣੀ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ ਵੈਕਸੀਨ ਲਗਵਾਵਾਂਗੇ ਤਾਂ ਹੀ ਇਸ ਮਹਾਮਾਰੀ ਤੋਂ ਅਸੀਂ ਬਚ ਸਕਾਂਗੇ। ਇਸ ਮੌਕੇ ਐੱਸਡੀਐੱਮ ਕਾਲਾ ਰਾਮ ਕਾਂਸਲ, ਐੱਸਐੱਮਓ ਡਾ. ਦਲਵੀਰ ਕੌਰ, ਰਜਨੀਸ਼ ਮਿੱਤਲ ਸ਼ੈਂਟੀ ਪ੍ਰਧਾਨ ਨਗਰ ਕੌਂਸਲ, ਸੀਈਓ ਗੌਰਵ ਗਾਬਾ, ਚਰਨਜੀਤ ਬਾਤਿਸ਼ ਸਿਆਸੀ ਸਕੱਤਰ ਮੰਤਰੀ ਧਰਮਸੋਤ ਤੇ ਕਰਨੈਲ ਸਿੰਘ ਮਾਸ ਮੀਡੀਆ ਅਫਸਰ ਆਦਿ ਮੌਜੂਦ ਸਨ।