ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ 'ਤੇ ਅਧਿਆਪਕਾਂ, ਕਰਮਚਾਰੀਆਂ ਤੇ ਪੈਨਸ਼ਨਰਜ ਦਾ ਧਰਨਾ ਲਗਾਤਾਰ 50ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਤੇ ਬੈਠੇ ਮੁਲਾਜ਼ਮਾਂ ਨੇ ਕਿਹਾ ਕਿ ਇਹ ਧਰਨਾ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਦੀ ਬਹਾਲੀ ਲਈ ਸਰਕਾਰ ਦੁਆਰਾ ਯੂਨੀਵਰਸਿਟੀ ਨੂੰ ਵਿੱਤੀ ਗ੍ਾਂਟ ਮੁਹੱਈਆ ਕਰਵਾਉਣ ਲਈ ਅਤੇ ਤਨਖਾਹਾਂ ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ ਕਰਵਾਉਣ ਲਈ ਲਗਾਇਆ ਜਾ ਰਿਹਾ ਹੈ। ਮੁਲਾਜ਼ਮਾਂ ਨੇ ਕਿਹਾ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਲਾਗੂ ਨਹੀਂ ਹੋ ਜਾਂਦੀਆਂ ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਇਸ ਮੌਕੇ ਸੰਬੋਧਨ ਕਰਦਿਆਂ ਪੈਨਸ਼ਨਰਜ ਯੂਨੀਅਨ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਆਖਿਆ ਕਿ ਵਾਈਸ ਚਾਂਸਲਰ ਯੁਨੀਵਰਸਟੀ ਦੀ ਯੋਗ ਅਗਵਾਈ ਨਹੀਂ ਕਰ ਰਹੇ ਹਨ। ਕੋਈ ਵੀ ਮਸਲਾ ਚਾਹੇ ਉਹ ਅਧਿਆਪਕਾਂ ਦਾ ਹੋਵੇ, ਕਰਮਚਾਰੀਆਂ ਦਾ ਜਾਂ ਪੈਨਸ਼ਨਰਜ ਦਾ ਹੋਵੇ ਅਤੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੋ ਰਿਹਾ। ਇਥੋਂ ਤੱਕ ਕਿ ਪੈਨਸ਼ਨਰਾਂ ਨੂੰ ਇਸ ਬਿਰਧ ਅਵਸਥਾ ਤੇ ਕੋਵਿਡ-19 ਦੇ ਦੌਰ 'ਚ ਆਪਣੇ ਹੱਕਾਂ ਲਈ ਅਦਾਲਤਾਂ ਜਾਂ ਯੂਨੀਵਰਸਿਟੀ ਦੇ ਦਫਤਰਾਂ ਵਿਚ ਧੱਕੇ ਖਾਣੇ ਪੈ ਰਹੇ ਹਨ। ਉਨ੍ਹਾਂ ਆਖਿਆ ਕਿ ਵਾਇਸ ਚਾਂਸਲਰ ਨੂੰ ਆਪਣੇ ਦਫਤਰ ਆਉਣਾ ਚਾਹੀਦਾ ਹੈ ਤੇ ਅਧਿਆਪਕਾਂ, ਕਰਮਚਾਰੀਆਂ ਤੇ ਪੈਨਸ਼ਰਾਂ ਦੇ ਮੁੱਦਿਆਂ ਦਾ ਹੱਲ ਸੰਜੀਦਗੀ ਨਾਲ ਕਰਨਾ ਚਾਹੀਦਾ ਹੈ। ਜੁਆਇੰਟ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨੇ ਆਖਿਆ ਕਿ ਸਰਕਾਰ ਦੁਆਰਾ ਯੂਨੀਵਰਸਿਟੀ ਨੂੰ ਵਿੱਤੀ ਗ੍ਰਾੰਟ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਵਿੱਤੀ ਗ੍ਰਾੰਟ ਨਾਲ ਹੀ ਯੂਨੀਵਰਸਿਟੀ ਦੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕਦਾ ਹੈ। ਜੇਕਰ ਸਰਕਾਰ ਵਿੱਤੀ ਗ੍ਾਂਟ ਮੁਹੀਆਂ ਨਹੀਂ ਕਰਵਾਉਂਦੀ ਤਾਂ ਯੂਨੀਵਰਸਿਟੀ ਦੇ ਮਸਲੇ ਇਸੇ ਤਰਾਂ ਹੀ ਅਣਸੁਲਝੇ ਰਹਿਣਗੇ। ਜੁਆਇੰਟ ਐਕਸ਼ਨ ਕਮੇਟੀ ਨੇ ਮੈਂਬਰਾਂ ਨੇ ਕਿਹਾ ਜਦੋਂ ਤੱਕ ਉਨ੍ਹਾਂ ਦੇ ਮਸਲੇ ਹੱਲ ਨਹੀਂ ਹੋ ਜਾਂਦੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।